ਸਰਕਾਰੀ ਅਧਿਆਪਕ ਕਸ਼ਮੀਰ ਸਿੰਘ ਗਿੱਲ ਦਾ ਵੋਟਰ ਜਾਗਰੂਕਤਾ ਪੈਦਾ ਕਰਨ ਵਾਲਾ ਗੀਤ ‘ਵੋਟ ਜ਼ਰੂਰੀ‘ ਅੱਜ ਰਿਲੀਜ਼ ਕੀਤਾ ਗਿਆ। ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਨੇ ਗੀਤ ਰਿਲੀਜ਼ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਇਸ ਵਿੱਚ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ | ੳੇੁਹਨਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਨੂੰ ਮਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਉਹਨਾਂ ਅਧਿਆਪਕ ਕਸ਼ਮੀਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਅਧਿਆਪਕ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨ, ਜੋ ਅਧਿਆਪਨ ਦੇ ਨਾਲ-ਨਾਲ ਸਮਾਜ ਲਈ ਨਿਵੇਕਲੀਆਂ ਕੋਸ਼ਸ਼ਾਂ ਕਰਦੇ ਰਹਿੰਦੇ ਹਨ | ਉਹਨਾਂ ਕਿਹਾ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤਾ ਜਾਵੇ | ਇਸ ਮੌਕੇ ਅਧਿਆਪਕ ਕਸ਼ਮੀਰ ਸਿੰਘ ਨੇ ਕਿਹਾ ਕਿ ਇਹ ਗੀਤ ਉਹਨਾਂ ਦੀ ਆਪਣੀ ਰਚਨਾ ਹੈ ਅਤੇ ਉਹਨਾਂ ਇਸਨੂੰ ਵਿਸ਼ੇਸ਼ ਤੌਰ ਤੇ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਹੈ | ਉਹਨਾਂ ਕਿਹਾ ਕਿ ਉਹ ਅਗਲੇ ਕੁਝ ਦਿਨਾਂ ਵਿੱਚ ਇੱਕ ਹੋਰ ਵੋਟਰ ਜਾਗਰੂਕਤਾ ਗੀਤ ਤਿਆਰ ਕਰ ਰਹੇ ਹਨ। ਜਿਕਰਯੋਗ ਹੈ ਕਿ ਕਸ਼ਮੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗਤਪੁਰਾ ਵਿਖੇ ਅਰਥ-ਸਾਸ਼ਤਰ ਦੇ ਲੈਕਚਰਾਰ ਹਨ ਅਤੇ ਸਿੱਖਿਆ ਵਿਭਾਗ ਵਿੱਚ ਪਿਛਲੇ 20 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਉਹ ਸਿੱਖਿਆ ਵਿਭਾਗ ਲਈ ਵੀ ਕਈ ਅਹਿਮ ਪੋ੍ਰਜੈਕਟਾਂ ਤੇ ਕੰਮ ਕਰ ਚੁੱਕੇ ਹਨ ਅਤੇ ਸੋਸ਼ਲ ਮੀਡੀਆ ਤੇ ਅਕਸਰ ਵਿਦਿਆਰਥੀਆਂ ਲਈ ਸਿੱਖਿਆ ਦਾਇਕ ਵੀਡੀਓਜ਼ ਬਣਾਉਂਦੇ ਰਹਿੰਦੇ ਹਨ |