ਪੰਜਾ ਹਿਲਾਕਰ ਕਦੇ ਲਕਸ਼ਮੀ ਜੀ ਘਰ ਵਿੱਚ ਨਹੀਂ ਆਉਂਦੀ ਤੇ ਨਾ ਹੀ ਝਾੜੂ ਦਿਖਾ ਕੇ ਲਕਸ਼ਮੀ ਜੀ ਕਦੇ ਘਰ ਵਿੱਚ ਆਉਂਦੀ ਹੈ, ਜੇਕਰ ਆਏਗੀ ਤਾਂ ਕਮਲ ਦੇ ਫੁੱਲ ਨਾਲ ਹੀ ਲਕਸ਼ਮੀ ਜੀ ਘਰ ਆਏਗੀ, ਪੰਜੇ ਦੇ ਨਿਸ਼ਾਨ ਵਾਲੀ ਕਾਂਗਰਸ ਅਤੇ ਝਾੜੂ ਦੇ ਨਿਸ਼ਾਨ ਵਾਲੀ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਲਾਉਂਦਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜਲਾਲਾਬਾਦ ਵਿੱਚ ਫਿਰੋਜ਼ਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਹੋਈ ਜਨਸਭਾ ਨੂੰ ਸੰਬੋਧਨ ਕਰਦਿਆਂ ਕੀਤਾ।
ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਰਾਜਨਾਥ ਸਿੰਘ ਨੇ ਪੰਜਾਬ ਦੀ ਧਰਤੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਕਿਸਾਨਾਂ ਦੀ ਧਰਤੀ ਹੈ। ਜਿੱਥੇ ਪਰਾਕ੍ਰਮ, ਵੀਰਤਾ, ਸਾਹਸ ਬਲਿਦਾਨ ਅਤੇ ਦੇਸ਼ ਭਗਤੀ ਦਾ ਸੰਗਮ ਹੋ,ਉਸਨੂੰ ਪੰਜਾਬ ਕਹਿੰਦੇ ਹਨ। ਪੰਜਾਬ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁਣਵਾਇਆ ਗੁਰੂਆਂ ਦੇ ਪ੍ਰਕਾਸ਼ ਪੁਰਬ ਇਕੱਲੇ ਭਾਰਤ ਵਿੱਚ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਮਨਾਏ ਜਾਣ ਲੱਗੇ। ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਿਆ।
10 ਸਾਲ ਵਿੱਚ ਮੋਦੀ ਦੇ ਅਗਵਾਈ ਵਿੱਚ ਭਾਰਤ ਦਾ ਕਦ ਪੂਰੀ ਦੁਨੀਆ ਵਿੱਚ ਵਧਿਆ ਹੈ। ਪੰਜਾਬ ਦੇ ਜੋ ਰਿਸ਼ਤਾਦਾਰ ਵਿਦੇਸ਼ਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਪੁੱਛੋ, ਪਹਿਲਾਂ ਦੁਨੀਆਂ ਦੇ ਲੋਕ ਭਾਰਤ ਬਾਰੇ ਕੀ ਸੋਚਦੇ ਸਨ ਅਤੇ ਅੱਜ ਕੀ ਸੋਚਦੇ ਹਨ। ਭਾਰਤ ਦਾ ਸਨਮਾਨ ਸੰਸਾਰ ਵਿੱਚ ਉੱਚਾ ਹੋਇਆ ਹੈ। ਪਹਿਲਾਂ ਦੇਸ਼ ਦੀ ਇਕੋਨਾਮੀ 11ਵੇਂ ਸਥਾਨ ‘ਤੇ ਸੀ, ਪਰ ਹੁਣ ਧਨ ਦੌਲਤ ਅਤੇ ਆਰਥਿਕਤਾ ਦੇ ਮਾਮਲੇ ਵਿਚ ਪੂਰੀ ਦੁਨੀਆ ਵਿਚ ਭਾਰਤ ਪੰਜਵੇਂ ਸਥਾਨ ਤੇ ਆ ਗਿਆ ਹੈ। ਅਗਲੇ ਢਾਈ ਤਿੰਨ ਸਾਲ ਵਿੱਚ ਅਰਥਚਾਰੇ ਦੇ ਮਾਮਲੇ ਵਿੱਚ ਭਾਰਤ ਚੋਟੀ ਦੇ ਦੇਸ਼ਾਂ ਵਿੱਚ ਸ਼ੁਮਾਰ ਹੋਵੇਗਾ।
ਆਮ ਆਦਮੀ ਪਾਰਟੀ ਦੇ ਕੇਂਦਰੀ ਅਤੇ ਪੰਜਾਬ ਦੀ ਅਗਵਾਈ ‘ਤੇ ਹਮਲਾ ਬੋਲਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਆਪ ਦੇ ਨੇਤਾ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਹਨ, ‘ਵੋ ਨਹੀਂ ਕਰਦਾ, ਅੰਨਾ ਹਜ਼ਾਰੇ ਜੋਕਿ ਉਨ੍ਹਾਂ ਦੇ ਗੁਰੂ ਸਨ, ਉਨ੍ਹਾਂ ਦੀ ਸਿਆਸੀ ਪਾਰਟੀ ਨਾ ਬਣਾਉਣ ਦੀ ਨਸੀਹਤ ਦੇ ਉਲਟ ਸਿਆਸਤਦਾਨ ਬਣ ਗਿਆ।ਸਰਕਾਰੀ ਘਰ ਨਹੀਂ ਲੈਣ ਦੀ ਗੱਲ ਕੀਤੀ ਪਰ ਆਲੀਸ਼ਾਨ ਮਹਿਲ ਵਿੱਚ ਰਹਿ ਰਹੇ ਹਨ।ਦਿੱਲੀ ਵਿੱਚ ਸ਼ਰਾਬ ਨਾ ਵਿਕਣ ਦੇਣ ਦੀ ਗੱਲ ਕੀਤੀ ਪਰ ਦਿੱਲੀ ਦੀ ਗਲੀ ਗਲੀ ਵਿੱਚ ਸ਼ਰਾਬ ਵੇਚੀ ਜਾਂਦੀ ਹੈ। ਇਹੀ ਹਾਲ ਪੰਜਾਬ ਵਿੱਚ ਵੀ ਹੋਇਆ ਪਿਆ ਹੈ।
ਔਰਤਾਂ ਦੇ ਸਨਮਾਨ ਦੀ ਗੱਲ ਕਰਨ ਵਾਲੀ ਆਪ ਸਰਕਾਰ ਵਿੱਚ ਸਵਾਤੀ ਮਾਲੀਵਾਲ ਨਾਲ ਕੁੱਟ ਮਾਰ ਹੋਈ। ਪਰ ਭਾਜਪਾ ਅਗਲੇ ਪੰਜ ਸਾਲ ਦੇ ਅੰਦਰ ਇਹ ਪ੍ਰਬੰਧ ਦੇਵੇਗੀ ਕਿ ਦੇਸ਼ ਦੀ ਸੰਸਦ ਅਤੇ ਸਾਰੀਆਂ ਚੋਣਾਂ ਵਿੱਚ ਔਰਤਾਂ ਲਈ 33 ਪ੍ਰਤੀਸ਼ਤ ਰਾਖਵਾਂ ਕਰਨ ਲਾਜਮੀ ਤੌਰ ਤੇ ਲਾਗੂ ਹੋਵੇਗਾ।ਆਮ ਪਾਰਟੀ ਦੀ ਸਰਕਾਰ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਨਸ਼ੇ ਅਤੇ ਗੁੰਡਾਗਰਦੀ ਦਾ ਰਾਜ ਹੋ ਗਿਆ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਦਲਾਂ ਵੱਲੋਂ ਭਾਜਪਾ ਸਰਕਾਰ ਨੂੰ ਇਹ ਕਹਿ ਕੇ ਬਦਨਾਮ ਕੀਤਾ ਗਿਆ ਕਿ ਭਾਰਤ ਵਿੱਚ ਭਾਜਪਾ ਸਰਕਾਰ ਕਾਰਨ ਮਹਿੰਗਾਈ ਵਧੀ। ਪਰ ਅੱਜ ਵੀ ਦੁਨੀਆਂ ਭਰ ਦੇ ਦੇਸ਼ਾਂ ਨਾਲੋਂ ਸਭ ਤੋਂ ਘੱਟ ਮਹਿੰਗਾਈ ਭਾਰਤ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਰਾਜਨੀਤੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਨਹੀਂ ਕਰਦੀ ਸਗੋਂ ਅੱਖਾਂ ਵਿੱਚ ਅੱਖਾਂ ਪਾ ਕੇ ਕਰਦੀ ਹੈ।ਭਾਜਪਾ ਦੇ ਚੋਣ ਘੋਸ਼ਣਾ ਪੱਤਰ ਦਾ ਜਿਕਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਜੋ ਚੋਣ ਪੱਤਰ ਵਿੱਚ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਵਾਂਗੇ ਤਾਂ ਉਹ ਹਟਾਈ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਸ਼ਾਨਦਾਰ ਮੰਦਰ ਬਣਾਉਣ ਦਾ ਐਲਾਨ ਕੀਤਾ ਸੀ ਉਹ ਵੀ ਬਣਾਇਆ ਗਿਆ ਹੈ। ਭਾਜਪਾ ਨੇ ਨਾਗਰਿਕਤਾ ਕਾਨੂੰਨ ਪਾਸ ਕਰਕੇ ਪਾਕਿਸਤਾਨ ਤੇ ਹੋਰ ਦੇਸ਼ਾਂ ਵਿੱਚੋਂ ਪੀੜਿਤ ਹਿੰਦੂ ਤੇ ਸਿੱਖ ਭਰਾਵਾਂ ਨੂੰ ਨਾਗਰਿਕਤਾ ਦੇਣ ਦਾ ਵੱਡਾ ਫੈਸਲਾ ਕੀਤਾ। ਬੇਸ਼ੱਕ ਭਾਜਪਾ ਤੇ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਦੇ ਦੋਸ਼ ਵਿਰੋਧੀਆਂ ਵੱਲੋਂ ਲਾਏ ਜਾਂਦੇ ਹਨ ਪਰ ਭਾਜਪਾ ਨੇ ਤਿੰਨ ਤਲਾਕ ਦੀ ਪ੍ਰਥਾ ਤੋਂ ਔਰਤਾਂ ਨੂੰ ਬਚਾਉਣ ਲਈ ਕਾਨੂੰਨ ਲਿਆਂਦਾ ਜਿਸ ਦਾ ਮੁਸਲਮਾਨ ਔਰਤ ਵਰਗ ਨੂੰ ਲਾਭ ਮਿਲਿਆ। ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਰਤ ਦੁਨੀਆਂ ਦੀ ਵੱਡੀ ਤਾਕਤ ਬਣਨ ਵੱਲ ਵਧ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਐਤਕੀ 400 ਪਾਰ ਦਾ ਟੀਚਾ ਪ੍ਰਾਪਤ ਕਰਨ ਲਈ ਪੂਰੀ ਮਿਹਨਤ ਕਰ ਰਹੀ ਹੈ। ਇਸ ਲਈ ਦੇਸ਼ ਦੀ ਸੰਸਦ ਵਿੱਚ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਭਾਜਪਾ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸੰਸਦ ਵਿੱਚ ਭੇਜੋ। ਇਸ ਮੌਕੇ ਮੰਚ ਦਾ ਸੰਚਾਲਨ ਸਤਿੰਦਰ ਸੱਤੀ ਵੱਲੋਂ ਕੀਤਾ ਗਿਆ। ਹਾਜ਼ਰ ਲੋਕਾਂ ਦੇ ਮਨੋਰੰਜਨ ਲਈ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦੀ ਜੋੜੀ ਨੇ ਰੰਗ ਬੰਨੇ।
ਇਸ ਮੰਚ ‘ਤੇ ਰਾਜਨਾਥ ਸਿੰਘ ਦੇ ਨਾਲ ਰਾਜਵੀਰ ਸ਼ਰਮਾ ਲੋਕ ਸਭਾ ਹਲਕਾ ਪ੍ਰਭਾਰੀ ਫਿਰੋਜ਼ਪੁਰ, ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਜਿਆਣੀ,ਅਬੋਹਰ ਦੇ ਵਿਧਾਇਕ ਸੰਦੀਪ ਜਾਖੜ, ਬੱਲੂਆਨਾ ਹਲਕਾ ਪ੍ਰਭਾਰੀ ਵੰਦਨਾ ਸਂਗਵਾਲ, ਫਿਰੋਜਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸੁਰੇਂਦਰ ਪਾਲ ਟੀਟੀ ਸਾਬਕਾ ਮੰਤਰੀ ਰਾਜਸਥਾਨ, ਸ਼੍ਰੀ ਮੁਕਤਸਰ ਸਾਹਿਬ ਦੇ ਜਿਲ ਪ੍ਰਧਾਨ ਸਤੀਸ਼ ਅਸੀਜਾ, ਗਰਚਰਨ ਸਿੰਘ ਸੰਧੂ, ਲੋਕ ਸਭਾ ਕਨਵੀਨਰ ਵਿਸ਼ਨੂੰ ਭਗਵਾਨ ਡੇਲੂ, ਸਟੇਟ ਕੋ-ਮੀਡੀਆ ਕਨਵੀਨਰ ਸੁਬੋਧ ਵਰਮਾ ਤੇ ਹੋਰ ਲੀਡਰਸ਼ਿਪ ਵੀ ਹਾਜ਼ਰ ਸੀ। ਇਸ ਮੌਕੇ ਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਵੱਖ ਵਖ ਮੰਗਾਂ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਧਿਆਨ ਵਿੱਚ ਲਿਆਂਦੀਆਂ ਤੇ ਇਹਨਾਂ ਮੰਗਾਂ ਦੇ ਹੱਲ ਦਾ ਭਰੋਸਾ ਵੀ ਮੰਗਿਆ।