ਝੋਨੇ ਦੀ ਲਵਾਈ ਸਮੇਂ ਕਾਸਤਕਾਰੀ ਤਕਨੀਕੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ: ਮੁੱਖ ਖੇਤੀਬਾੜੀ ਅਫਸਰ

ਜ਼ਮੀਨ  ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਜ਼ਿਲਾ ਫਰੀਦਕੋਟ ਤੋਂ ਇਲਾਵਾ ਪੰਜ ਜ਼ਿਲਿਆਂ ਮੁਕਤਸਰ, ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਝੋਨੇ ਦੀ ਲੁਆਈ ਦਾ ਕੰਮ 11 ਜੂਨ ਤੋਂ ਸ਼ੁਰੂ ਹੋਏਗਾ ਜਿਸ ਵਾਸਤੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਸਾਉਣੀ ਫਸਲਾਂ ਦੀ ਬਿਜਾਈ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਤਕਰੀਬਨ ਇੱਕ ਲੱਖ ਪੰਦਰਾਂ ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਪੰਜਾਬ ਸਰਕਾਰ ਵੱਲੋਂ ਨਹਿਰਾਂ ਅੰਦਰ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਜੋ ਇੱਕ ਦੋ ਦਿਨਾਂ ਵਿੱਚ ਸੂਹਿਆਂ ਵਿੱਚ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਉਣੀ ਦੀਆ ਫਸਲਾਂ ਦੀ ਕਾਸਤ ਲਈ ਲੋੜੀਂਦੀਆਂ ਖਾਦਾਂ ਯੂਰੀਆ, ਡਾਇਆ, ਪੋਟਾਸ਼ ਅਤੇ ਨਦੀਨਨਾਸ਼ਕਾਂ ਆਦਿ ਦਾ ਵੀ ਜ਼ਿਲੇ ਅੰਦਰ ਲੋੜੀਂਦਾ ਸਟਾਕ ਉਪਲਬਧ ਹੈ ਅਤੇ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਝੋਨੇ ਦੀ ਕਾਸ਼ਤ ਸੰਬੰਧੀ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਲਵਾਈ ਤੋਂ ਪਹਿਲਾਂ ਕੰਪਿਊਟਰ ਕਰਾਹੇ ਨਾਲ ਖੇਤ ਪੱਧਰੇ ਕਰ ਲੈਣਾ ਚਾਹੀਦੇ ਹਨ ਤਾਂ  ਸਿੰਚਾਈ ਲਈ ਪਾਣੀ ਇਕਸਾਰ ਲੱਗ ਸਕੇ । ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਵਿੱਚ ਦਿੱਤੀਆ ਸਿਫਾਰਸ਼ਾਂ ਅਨੁਸਾਰ ਹੀ ਕਰੋ।
ਉਨ੍ਹਾਂ ਕਿਹਾ ਕਿ ਮਿੱਟੀ ਪਰਖ ਰਿਪੋਰਟ ਦੀ ਅਣਹੋਂਦ ਵਿੱਚ ਜੇਕਰ ਕਣਕ ਦੀ ਫਸਲ ਨੂੰ ਡਾਇਆ ਖਾਦ ਪੂਰੀ ਮਾਤਰਾ ਵਿੱਚ ਪਾਈ ਗਈ ਸੀ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀ। ਉਨ੍ਹਾਂ ਕਿਹਾ ਕਿ 90 ਕਿਲੋ ਯੂਰੀਆ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਬਿਜਾਈ 7,21 ਅਤੇ 42 ਦਿਨਾਂ ਬਾਅਦ ਪਾ ਦੇਣੀ ਚਾਹੀਦੀ ਹੈ ਜਦ ਕਿ ਪੀ ਆਰ 126 ਨੂੰ ਤੀਜੀ ਕਿਸਤ ਲਵਾਈ ਤੋਂ 35 ਦਿਨਾਂ ਬਾਅਦ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਵਧੇਰੇ ਪੈਦਾਵਾਰ ਲੈਣ ਲਈ ਖੇਤ ਵਿੱਚ ਪਨੀਰੀ ਲਗਾਉਣ ਸਮੇਂ ਪਨੀਰੀ ਦੀ ਉਮਰ ਦਰਮਿਆਨਾ ਸਮਾਂ ਲੈਣ ਵਾਲੀਆ ਕਿਸਮਾਂ ਲਈ 30-35 ਦਿਨ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 126 ਦੀ ਪਨੀਰੀ ਦੀ ਉਮਰ 25-30 ਦਿਨ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਫਸਲ ਵਿੱਚ ਜ਼ਿੰਕ ਦੀ ਘਾਟ ਆਈ ਸੀ ਤਾਂ 25 ਕਿਲੋ ਜ਼ਿੰਕ ਸਲਫੇਟ 21% ਜਾਂ 16 ਕਿਲੋ ਜ਼ਿੰਕ ਸਲਫੇਟ 33% ਪ੍ਰਤੀ ਏਕੜ ਲਵਾਈ ਤੋਂ ਆਖਰੀ ਕੱਦੂ ਤੋਂ ਪਹਿਲਾਂ ਛੱਟਾ ਦੇ ਕੇ ਪਾ ਦਿਉ।
ਉਨ੍ਹਾਂ ਦੱਸਿਆ ਕਿ ਝੋਨੇ ਦੀ ਪਨੀਰੀ ਪੁੱਟਣ ਤੋਂ ਪਹਿਲਾਂ ਪਾਣੀ ਲਗਾ ਦਿਉ ਅਤੇ ਜੜਾਂ ਨਾਲੋਂ ਮਿੱਟੀ ਲਾਉਣ ਲਈ ਜੜਾਂ ਨੂੰ ਪਾਣੀ ਵਿੱਚ ਧੋ ਲਉ,ਅਜਿਹਾ ਕਰਨ ਨਾਲ ਬੂਟਿਆਂ ਦੀਆ ਜੜਾਂ ਜਖਮੀ ਨਹੀਂ ਹੁੰਦੀਆਂ ਅਤੇ ਫਸਲ ਬਿਮਾਰੀ ਤੋਂ ਬਚੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਫਸਲ ਦੇ ਚੰਗੇ ਵਾਧੇ ਲਈ ਪਨੀਰੀ ਦੀਆ ਜੜਾਂ ਨੂੰ 500 ਐਜੋਸਪਾਇਰੀਲਮ ਨੂੰ 100 ਲਿਟਰ ਦੇ ਘੋਲ ਵਿੱਚ 45 ਮਿੰਟ ਡੁਬੋ ਕੇ ਲਵਾਈ ਕਰੋ।ਉਨਾਂ ਕਿਹਾ ਕਿ ਆਮ ਕਰਕੇ ਮਜ਼ਦੂਰ ਝੋਨੇ ਦੀ ਪਨੀਰੀ ਵਿਰਲੀ ਲਾਉਂਦੇ ਹਨ ਜਿਸ ਕਾਰਨ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਪ੍ਰਤੀ ਵਰਗ ਮੀਟਰ ਘੱਟੋ ਘੱਟ 25 ਬੂਟੇ ਹੋਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਲਈ ਭਾਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਲਵਾਈ ਬਿਨਾਂ ਕੱਦੂ ਕੀਤਿਆਂ ਵੱਟਾਂ ਤੇ ਜਾਂ ਪੱਧਰੇ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਲਾਗਤ ਖਰਚੇ ਘਟਾਉਣ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਖੇਤੀ ਮਾਹਿਰਾਂ ਦੁਆਰਾ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਝੋਨੇ ਦੀ ਫਸਲ ਵਿੱਚ ਖੇਤੀ ਸਮੱਗਰੀ ਦੀ ਵਰਤੋਂ ਕੀਤੀ ਜਾਵੇ।
ਹੋਰ ਖ਼ਬਰਾਂ :-  ਅੰਮ੍ਰਿਤਸਰ ਜ਼ਿਲ੍ਹੇ ਵਿੱਚ 15 ਜਨਵਰੀ ਨੂੰ ਵਿਸ਼ੇਸ਼ ਕੈਂਪ ਲਗਾ ਕੇ 508 ਲੰਬਿਤ ਪਏ ਇੰਤਕਾਲ ਦਰਜ ਕੀਤੇ ਗਏ

Leave a Reply

Your email address will not be published. Required fields are marked *