ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨਵੀਂ ਮਾਲਵਾ ਨਹਿਰ ਉਸਾਰਨ ਦੇ ਰਾਹ ਪੈ ਗਈ ਹੈ, ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਸੋਥਾ ਪਹੁੰਚ ਕੇ ਇਸਦੇ ਨਿਰਮਾਣ ਵਾਸਤੇ ਸਰਵੇਖਣ ਸ਼ੁਰੂ ਕਰਵਾਉਣਗੇ। ਇਹ ਨਹਿਰ ਬਣਨ ਨਾਲ ਮਾਲਵਾ ਖਿੱਤੇ ਦੇ 62 ਪਿੰਡਾਂ ਦੇ ਕਰੀਬ ਦੋ ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲ ਸਕਦੀ ਹੈ। ਇਹਨਾਂ ਪਿੰਡਾਂ ਵਿਚੋਂ ਫਿਰੋਜ਼ਪੁਰ ਦੇ 28, ਫਰੀਦਕੋਟ ਦੇ 10 ਅਤੇ ਸ੍ਰੀ ਮੁਕਤਸਰ ਸਾਹਿਬ ਦੇ 24 ਪਿੰਡ ਸ਼ਾਮਲ ਹਨ।
ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਵਿਭਾਗ ਦੀ ਤਕਨੀਕੀ ਟੀਮ ਵੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਿੰਡ ਸੋਥਾ ਪਹੁੰਚੇਗੀ। ਇਹ ਨਹਿਰ ਤਿੰਨ ਜ਼ਿਲ੍ਹਿਆਂ ਦੀ ਕਰੀਬ 1328 ਏਕੜ ਜ਼ਮੀਨ ਵਿਚ ਉਸਾਰਸੀ ਜਾਵੇਗੀ ਜਿਸ ਵਿਚ ਪਾਣੀ ਹਰੀਕੇ ਹੈਡ ਵਰਕਸ ਤੋਂ ਛੱਡਿਆ ਜਾਵੇਗਾ। ਨਹਿਰ ਦੀ ਉਸਾਰੀ ਨਾਲ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਦੇ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ।