ਰਾਘਵ ਚੱਢਾ ਨੇ ਸੰਸਦ ’ਚ ਚੋਣ ਲੜਨ ਦੀ ਉੱਮਰ ਦਾ ਚੁੱਕਿਆ ਮੁੱਦਾ

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਸੰਸਦ ’ਚ ਚੋਣ ਲੜਨ ਲਈ ਉਮਰ ਹੱਦ 25 ਸਾਲ ਤੋਂ ਘੱਟ ਕਰਕੇ 21 ਸਾਲ ਕਰਨ ਦੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। “ਸਾਡੇ ਦੇਸ਼ ਦੀ ਔਸਤ ਉਮਰ ਸਿਰਫ਼ 29 ਸਾਲ ਹੈ। ਸਾਡੇ ਦੇਸ਼ ਦੀ 65% ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਸਾਡੇ ਦੇਸ਼ ਦੀ 50% ਤੋਂ ਵੱਧ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ। ਪਰ ਕੀ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਇੰਨੇ ਨੌਜਵਾਨ ਹਨ ? ਇਸ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਨੌਜਵਾਨ ਰਾਜਨੀਤੀ ’ਚ ਵੱਡਾ ਬਦਲਾਅ ਲਿਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਇਸ ਦੇਸ਼ ਵਿੱਚ ਪਹਿਲੀ ਲੋਕ ਸਭਾ (1952 ਵਿੱਚ) ਚੁਣੀ ਗਈ ਸੀ ਤਾਂ ਉਸ ਲੋਕ ਸਭਾ ਵਿੱਚ 26% ਲੋਕ 40 ਸਾਲ ਤੋਂ ਘੱਟ ਉਮਰ ਦੇ ਸਨ ਅਤੇ 17ਵੀਂ ਲੋਕ ਸਭਾ (16 ਜੂਨ ਨੂੰ ਭੰਗ ਹੋਈ) ਵਿੱਚ ਸਿਰਫ਼ 12% ਲੋਕ 40 ਸਾਲ ਤੋਂ ਘੱਟ ਉਮਰ ਦੇ ਸਨ। ਇਸ ਲਈ ਜਿਵੇਂ-ਜਿਵੇਂ ਦੇਸ਼ ਜਵਾਨ ਹੋ ਰਿਹਾ ਹੈ, ਸਾਡੇ ਚੁਣੇ ਹੋਏ ਨੁਮਾਇੰਦੇ ਬਜੁਰਗ ਹੁੰਦੇ ਜਾ ਰਹੇ ਹਨ। ਅਸੀਂ ਬਜ਼ੁਰਗ ਸਿਆਸਤਦਾਨਾਂ ਵਾਲਾ ਨੌਜਵਾਨ ਦੇਸ਼ ਹਾਂ, ਸਾਨੂੰ ਨੌਜਵਾਨ ਸਿਆਸਤਦਾਨਾਂ ਵਾਲਾ ਨੌਜਵਾਨ ਦੇਸ਼ ਬਣਨ ਦੀ ਇੱਛਾ ਰੱਖਣੀ ਚਾਹੀਦੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਰਾਜਨੀਤੀ ਨੂੰ ਮਾੜਾ ਪੇਸ਼ਾ ਮੰਨਿਆ ਜਾਂਦਾ ਹੈ।

ਹੋਰ ਖ਼ਬਰਾਂ :-  ਜਲਾਲਾਬਾਦ ਤੋਂ 'ਆਪ' ਵਿਧਾਇਕ ਸੜਕ ਹਾਦਸੇ 'ਚ ਵਾਲ-ਵਾਲ ਬਚੇ, ਇਨੋਵਾ ਕਾਰ ਨੇ ਮਾਰੀ ਟੱਕਰ

ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਉਸ ਦੇ ਮਾਪੇ ਉਸ ਨੂੰ ਡਾਕਟਰ, ਇੰਜੀਨੀਅਰ, ਖਿਡਾਰੀ, ਵਿਗਿਆਨਿਕ, ਚਾਰਟਰਡ ਅਕਾਊਂਟੈਂਟ ਬਣਾਉਣ ਲਈ ਕਹਿੰਦੇ ਹਨ। ਕੋਈ ਨਹੀਂ ਕਹਿੰਦਾ ਕਿ ਜਦੋਂ ਉਹ ਵੱਡੇ ਹੋ ਜਾਂਦੇ ਹਨ, ਉਨ੍ਹਾਂ ਨੂੰ ਨੇਤਾ ਬਣਨਾ ਚਾਹੀਦਾ ਹੈ, ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਲਈ, ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਸਾਨੂੰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਜੋ ਉਹ ਭਾਰਤ ਦੀ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਆਉਣ। ਇਸ ਦੇਸ਼ ਵਿੱਚ ਚੋਣ ਲੜਨ ਦੀ ਉਮਰ 25 ਸਾਲ ਤੋਂ ਘੱਟ ਕਰਕੇ 21 ਸਾਲ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *