ਮੁੱਖ ਮੰਤਰੀ, ਪੰਜਾਬ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬਰੇਰੀ ਦਾ ਉਦਘਾਟਨ ਵੀ ਕਰਨਗੇ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਪਿੰਡ ਈਸੜੂ (ਖੰਨਾ) ਵਿਖੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਤੇ ਰਾਜ ਪੱਧਰੀ ਸਮਾਗਮ ਮੌਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਬਣ ਕੇ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬਰੇਰੀ ਦਾ ਉਦਘਾਟਨ ਕਰਨਗੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰੇਕ ਪੇਂਡੂ ਵਿਧਾਨ ਸਭਾ ਹਲਕੇ ਵਿੱਚ 6 ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਜਿਸ ਦੇ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 42 ਪੇਂਡੂ ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਨ੍ਹਾਂ ਵਿੱਚੋਂ ਪਹਿਲੇ ਗੇੜ ਵਿੱਚ 14 ਪੇਂਡੂ ਲਾਇਬੇਰੀਆਂ ਦਾ 15 ਅਗਸਤ, 2024 ਨੂੰ ਉਦਘਾਟਨ ਕੀਤਾ ਜਾਵੇਗਾ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸੇ ਲੜੀ ਅਧੀਨ ਪਿੰਡ ਈਸੜੂ ਵਿਧਾਨ ਸਭਾ ਹਲਕਾ ਖੰਨਾ ਵਿੱਚ ਵੀ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਯਾਦਗਾਰੀ ਪੇਂਡੂ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ 15 ਅਗਸਤ, 2024 ਨੂੰ ਕੀਤਾ ਜਾਣਾ ਹੈ।

ਹੋਰ ਖ਼ਬਰਾਂ :-  ਬੰਗਾਲ ਦੇ ਜੂਨੀਅਰ ਡਾਕਟਰਾਂ ਨੇ 2 ਅਕਤੂਬਰ ਨੂੰ ਮਾਰਚ ਕਰਨ ਲਈ 'ਸੰਪੂਰਨ ਬੰਦ ਕੰਮ' ਮੁੜ ਸ਼ੁਰੂ ਕੀਤਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਲਾਇਬ੍ਰੇਰੀ ਦੀ ਇਮਾਰਤ ਤੇ ਲਗਭਗ 30 ਲੱਖ ਰੁਪਏ ਖਰਚ ਆਇਆ ਹੈ। ਇਹ ਲਾਇਬ੍ਰੇਰੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਹਰੇਕ ਲਾਇਬ੍ਰੇਰੀ ਵਿੱਚ ਫਰਨੀਚਰ, ਲਗਭੱਗ 900 ਕਿਤਾਬਾ, 4 ਕਿਲੋਵਾਟ ਸੋਲਰ ਪਾਵਰ ਪਲਾਂਟ, ਸੀ.ਸੀ.ਟੀ.ਵੀ ਕੈਮਰੇ, ਦੋ ਕੰਪਿਊਟਰ, ਦੋ ਏ.ਸੀ, ਇੱਕ ਵਾਟਰ ਡਿਸਪੈਂਸਰ ਅਤੇ ਬਿਜਲੀ ਇਨਵਰਟਰ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਦੇ ਹੋਂਦ ਵਿੱਚ ਆਉਣ ਨਾਲ ਜਿੱਥੇ ਪਿੰਡਾਂ ਦੇ ਬੱਚਿਆਂ ਨੂੰ ਕਿਤਾਬਾਂ ਕਲਚਰ ਨਾਲ ਜੋੜਿਆ ਜਾ ਸਕੇਗਾ। ਉਥੇ ਹੀ ਉਹਨਾਂ ਨੂੰ ਮੋਬਾਇਲ ਫੋਨ ਅਤੇ ਨਸ਼ੇ ਆਦਿ ਦੀ ਭੈੜੀ ਸੰਗਤ ਤੋਂ ਨਿਜਾਤ ਮਿਲੇਗੀ। ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਾਰੇ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *