ਅੰਮ੍ਰਿਤਸਰ ਨੂੰ ਵਿਆਹ ਦੇ ਜਸ਼ਨਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਿਤ ਕਰਨ ਦੀਆਂ ਅਸੀਮ ਸੰਭਾਵਨਾਵਾਂ; ਪੈਨਲਿਸਟਾਂ ਨੇ ਦਿੱਤਾ ਸੁਝਾਅ

ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ ਜਾ ਰਹੇ ਆਪਣੀ ਕਿਸਮ ਦੇ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦੌਰਾਨ ‘ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ’, ਸੈਸ਼ਨ ਕਰਵਾਇਆ ਗਿਆ ਜਿਸ ਦਾ ਉਦੇਸ਼ ਅੰਮ੍ਰਿਤਸਰ ਨੂੰ ਮੌਜੂਦਾ ਸਮੇਂ ਧਾਰਮਿਕ ਸੈਰ-ਸਪਾਟੇ ਦੇ ਕੇਂਦਰ ਹੋਣ ਦੇ ਨਾਲ ਨਾਲ ਇਸ ਨੂੰ ਵੱਡੇ ਪੱਧਰ ‘ਤੇ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਉਤਸ਼ਾਹਿਤ ਕਰਨਾ ਰਿਹਾ। ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕਰਵਾਏ ਇਸ ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਕਰਵਾਏ ਗਏ ਇਸ ਸੈਸ਼ਨ ਦੌਰਾਨ ਅੰਮ੍ਰਿਤਸਰ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਅਤੇ ਵਿਆਹਾਂ ਤੇ ਹੋਰ ਸਮਾਗਮਾਂ ਲਈ ਪਸੰਦੀਦਾ ਵਿਕਲਪ ਸਬੰਧੀ ਇਸ ਦੀ ਵੱਧ ਰਹੀ ਪ੍ਰਸਿੱਧੀ ਵਿਚਲੇ ਸਬੰਧਾਂ ਨੂੰ ਬਾਖੂਬੀ ਦਰਸਾਇਆ ਗਿਆ।

ਇਸ ਤੋਂ ਪਹਿਲਾਂ ਸੰਮੇਲਨ ਦੇ ਮੁੱਖ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਦੇ ਬਾਹਰੀ ਇਲਾਕੇ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤ ਕਰਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੈਰ-ਸਪਾਟਾ ਸਥਾਨ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

ਸ਼ੈਸ਼ਨ ਦੌਰਾਨ ਉੱਘੇ ਬੁਲਾਰਿਆਂ ਨੇ ਸਾਂਝੇ ਤੌਰ ‘ਤੇ ਸਹਿਮਤੀ ਜਤਾਈ ਕਿ ਜਿੱਥੇ ਅੰਮ੍ਰਿਤਸਰ ਨੂੰ ਲੰਬੇ ਸਮੇਂ ਤੋਂ ਧਾਰਮਿਕ ਸੈਰ-ਸਪਾਟੇ ਦੇ ਪ੍ਰਸਿੱਧ ਸਥਾਨ ਵਜੋਂ ਜਾਣਿਆ ਜਾਂਦਾ ਹੈ, ਉੱਥੇ ਇਸ ਸ਼ਹਿਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤ ਕਰਨ ਨਾਲ ਸੂਬੇ ਵਿੱਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।

ਜ਼ਿਕਰਯੋਗ ਹੈ ਕਿ ‘ਸਿਫ਼ਤੀ ਦਾ ਘਰ’ ਵਜੋਂ ਜਾਣੀ ਜਾਂਦੀ ਪਵਿੱਤਰ ਨਗਰੀ ਅੰਮ੍ਰਿਤਸਰ ਪਹਿਲਾਂ ਹੀ ਆਪਣੀ ਸ਼ਾਨਦਾਰ ਰੇਲ, ਹਵਾਈ ਅਤੇ ਸੜਕੀ ਸੰਪਰਕ ਦੇ ਨਾਲ-ਨਾਲ ਸ਼ਾਨਦਾਰ ਪ੍ਰਾਹੁਣਚਾਰੀ ਵਿਕਲਪਾਂ ਅਤੇ ਵਿਰਾਸਤੀ ਇਮਾਰਤਾਂ ਦੀ ਬਹੁਤਾਤ ਕਾਰਨ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ ਹੈ।

ਆਈ.ਟੀ.ਸੀ. ਫਾਰਚਿਊਨ ਹੋਟਲਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸਮੀਰ ਐਮ.ਸੀ. ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ, ਜਿੱਥੇ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ, ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਹੋਣ ਦੇ ਨਾਲ ਹੀ ਵੱਡੇ ਵਿਆਹ ਸਮਾਗਮਾਂ ਅਤੇ ਹੋਰ ਸਮਾਗਮਾਂ ਲਈ ਇੱਕ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਾਗਮਾਂ ਤੇ ਜਸ਼ਨਾਂ ਦੇ ਪਸੰਦੀਦਾ ਸਥਾਨ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਇਹ ਵਿਆਹਾਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਸਮਾਗਮਾਂ ਅਤੇ ਤਿਉਹਾਰਾਂ ਨੂੰ ਆਕਰਸ਼ਿਤ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਨੂੰ ਸਿਰਫ਼ ਵਿਆਹਾਂ ਲਈ ਨਹੀਂ, ਸਗੋਂ ਹਰ ਤਰ੍ਹਾਂ ਦੇ ਜਸ਼ਨਾਂ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

ਪਨਾਸ਼ ਵਰਲਡ ਦੀ ਡਾਇਰੈਕਟਰ ਸ੍ਰੀਮਤੀ ਲਵਲੀਨ ਅਰੁਣ ਮੁਲਤਾਨੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤਿ ਕਰਨ ਲਈ ਇਹ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਰਵਾਇਤੀ ਵਿਆਹ ਵਾਲੇ ਸਥਾਨ ਮੌਜੂਦਾ ਸਮੇਂ ਆਪਣੀ ਲੋਕਪ੍ਰਿਯਤਾ ਗੁਆ ਰਹੇ ਹਨ ਅਤੇ ਲੋਕ ਨਵੀਂਆਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ਨਵੀਆਂ ਪੀੜ੍ਹੀਆਂ ਦੀ ਨਵੀਂ ਸੋਚ ਦੇ ਮੱਦੇਨਜ਼ਰ ਅੰਮ੍ਰਿਤਸਰ ਸ਼ਹਿਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨ ਲਈ ਲੋੜੀਂਦੇ ਅਨੁਕੂਲ ਬਦਲਾਅ ਕਰਨੇ ਚਾਹੀਦਾ ਹੈ।

ਹੋਰ ਖ਼ਬਰਾਂ :-  Breaking News:- ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭੂਚਾਲ ਦੇ ਝਟਕੇ

ਟਚ ਵੁੱਡ ਦੇ ਸੰਸਥਾਪਕ ਸ੍ਰੀ ਵਿਜੈ ਅਰੋੜਾ ਨੇ ਅੰਮ੍ਰਿਤਸਰ ਕੋਲ ਮੌਜੂਦ ਮੌਕਿਆਂ ਦੀ ਭਰਮਾਰ ‘ਤੇ ਜ਼ੋਰ ਦਿੰਦਿਆਂ ਇਤਿਹਾਸਕ ਇਮਾਰਤਾਂ ਅਤੇ ਹਵੇਲੀਆਂ ਸਮੇਤ ਸ਼ਹਿਰ ਦੀ ਅਮੀਰ ਵਿਰਾਸਤ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਵਿਆਹ ਸਮਾਗਮਾਂ ਲਈ ਵਿਲੱਖਣ ਸਥਾਨਾਂ ਦੀ ਭਾਲ ਕਰਨ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ।

ਵੈਡਿੰਗ ਸੂਤਰਾ ਦੇ ਸੀ.ਈ.ਓ. ਸ੍ਰੀ ਪਾਰਥਿਪ ਥਿਆਗਰਾਜਨ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਬਹੁਤ ਸਾਰੇ ਸਫ਼ਲ ਵਿਆਹ ਸਮਾਗਮ ਹੋ ਚੁੱਕੇ ਹਨ ਜੋ ਵਿਆਹ ਸਮਾਗਮਾਂ ਦੇ ਪ੍ਰਮੁੱਖ ਸਥਾਨ ਵਜੋਂ ਇਸ ਦੀਆਂ ਸੰਭਾਵਨਾ ਨੂੰ ਦਰਸਾਉਂਦੇ ਹਨ।

ਰੈਡੀਸਨ ਹੋਟਲਜ਼ ਦੇ ਡਾਇਰੈਕਟਰ ਸ੍ਰੀ ਦੇਵਾਸ਼ੀਸ਼ ਸ੍ਰੀਵਾਸਤਵਾ ਨੇ ਸੁਝਾਅ ਦਿੱਤਾ ਕਿ ਇੱਕਲੇ ਅੰਮ੍ਰਿਤਸਰ ਦੀ ਬਜਾਏ ਪੂਰੇ ਪੰਜਾਬ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਆਹ ਦੇ ਜਸ਼ਨਾਂ ਦੇ ਪ੍ਰਤੀਕ ਵਜੋਂ ਅੰਮ੍ਰਿਤਸਰ ਨੂੰ ਸਜਾਉਣ ਲਈ ਬ੍ਰਾਂਡਿੰਗ, ਕੋ-ਬ੍ਰਾਂਡਿੰਗ ਅਤੇ ਭਾਈਵਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਮਸ਼ਹੂਰ ਸੈਲੀਬ੍ਰਿਟੀ ਵੈਡਿੰਗ ਪਲੈਨਰ ਸ੍ਰੀ ਚੇਤਨ ਵੋਹਰਾ ਨੇ ਅੰਮ੍ਰਿਤਸਰ ਨੂੰ ਵਿਆਹ ਸਮਾਗਮਾਂ ਲਈ ਪ੍ਰਮੁੱਖ ਸਥਾਨ ਵਜੋਂ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਦੇ ਸਮਰਥਨ ਲਈ ਇਸ ਸਥਾਨ ਦੀ ਤਿਆਰੀ, ਆਉਣ-ਜਾਣ ਲਈ ਢੁਕਵੇਂ ਸਾਧਨ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਸੈਸ਼ਨ ਦੌਰਾਨ ਅੰਮ੍ਰਿਤਸਰ ਦੀ ਇੱਕ ਸੈਰ-ਸਪਾਟਾ ਸਥਾਨ ਵਜੋਂ ਬਹੁ-ਪੱਖੀ ਦਿੱਖ ਬਾਰੇ ਵੀ ਚਰਚਾ ਕੀਤੀ ਗਈ, ਜੋ ਅਧਿਆਤਮਿਕ ਅਤੇ ਵਿਆਹ ਸਬੰਧੀ ਸ਼ਾਨਦਾਰ ਤਜਰਬਿਆਂ ਵਿੱਚ ਰੁਚੀ ਰੱਖਣ ਵਾਲਿਆਂ ਦੀ ਮੰਗ ਨੂੰ ਪੂਰਾ ਕਰਦਾ ਹੈ। ਸ਼ਹਿਰ ਦੀ ਇਤਿਹਾਸਕ ਮਹੱਤਤਾ, ਭਵਨ-ਉਸਾਰੀ ਕਲਾ ਦੇ ਅਜੂਬੇ ਅਤੇ ਸੱਭਿਆਚਾਰਕ ਅਮੀਰੀ ਸਮੂਹਿਕ ਤੌਰ ‘ਤੇ ਸਥਾਨਕ ਅਤੇ ਕੌਮਾਂਤਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।

ਬੁਲਾਰਿਆਂ ਨੇ ਧਾਰਮਿਕ ਸੈਰ ਸਪਾਟੇ ਅਤੇ ਵਿਆਹਾਂ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਅੰਮ੍ਰਿਤਸਰ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਸੈਸ਼ਨ ਦੌਰਾਨ ਸ਼ਹਿਰ ਦੀ ਸੱਭਿਆਚਾਰਕ ਅਮੀਰੀ, ਇਤਿਹਾਸਕ ਮਹੱਤਤਾ ਅਤੇ ਆਧੁਨਿਕ ਸਹੂਲਤਾਂ ਨੂੰ ਵੀ ਦਰਸਾਇਆ ਗਿਆ ਜਿਸ ਨੇ ਲੋਕਾਂ ਨੂੰ, ਪ੍ਰੰਪਰਾ, ਸੱਭਿਆਚਾਰ ਅਤੇ ਆਧੁਨਿਕਤਾ ਦੇ ਸੁਮੇਲ ਅੰਮ੍ਰਿਤਸਰ ਨੂੰ ਨਾ ਸਿਰਫ਼ ਅਧਿਆਤਮਿਕ ਮਹੱਤਤਾ ਵਾਲੇ ਸਥਾਨ ਵਜੋਂ ਦੇਖਣ ਲਈ, ਸਗੋਂ ਇੱਕ ਵਿਲੱਖਣ ਅਤੇ ਮਨਮੋਹਕ ਵਿਆਹ ਸਮਾਗਮਾਂ ਵਾਲੇ ਸਥਾਨ ਵਜੋਂ ਵੀ ਦੇਖਣ ਲਈ ਉਤਸ਼ਾਹਿਤ ਕੀਤਾ। ਸੈਸ਼ਨ ਦੌਰਾਨ ਦਰਸ਼ਕਾਂ ਵੱਲੋਂ ਬਹੁਤ ਸਾਰੇ ਨਵੀਨਤਾਕਾਰੀ ਵਿਚਾਰ ਅਤੇ ਸੁਝਾਅ ਵੀ ਸਾਂਝੇ ਕੀਤੇ ਗਏ।

Leave a Reply

Your email address will not be published. Required fields are marked *