ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੰਟੈਂਸੀਫਾਈਡ ਮਿਸ਼ਨ ‘ਇੰਦਰਧਨੁਸ਼ 5.0 ਕੀਤਾ ਲਾਂਚ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਬੱਚਿਆਂ ਅਤੇ ਗਰਭਵਤੀਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 (ਆਈਐਮਆਈ5.0) ਦੀ ਸ਼ੁਰੂਆਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤੀ।

ਇਸ ਸਮਾਗਮ ਰਾਹੀਂ ਮੌਜੂਦਾ ਚੁਣੌਤੀਆਂ ਦੇ ਮੱਦੇਨਜ਼ਰ ਯੋਗ ਬੱਚਿਆਂ ਦੇ ਟੀਕਾਕਰਨ ਰਾਹੀਂ ਪ੍ਰਤੀਰੋਧਕ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾਣਾ ਹੈ। ਇਸ ਮੌਕੇ ਮੋਮੈਂਟਮ ਰੂਟੀਨ ਇਮਯੂਨਾਈਜ਼ੇਸ਼ਨ ਟਰਾਂਸਫਾਰਮੇਸ਼ਨ ਐਂਡ ਇਕੁਇਟੀ ਪ੍ਰੋਜੈਕਟ (ਐਮ-ਆਰਆਈਟੀਈ) ਦੇ ਸਹਿਯੋਗ ਨਾਲ ਇੱਕ ਮੀਡੀਆ ਜਾਗਰੂਕਤਾ ਮੀਟਿੰਗ ਵੀ ਕਰਵਾਈ ਗਈ । ਇਸ ਮੌਕੇ  ਸਕੱਤਰ ਸਿਹਤ-ਕਮ-ਮਿਸ਼ਨ ਡਾਇਰੈਕਟਰ ਐਨਐਚਐਮ ਪੰਜਾਬ ਡਾ: ਅਭਿਨਵ ਤ੍ਰਿਖਾ ਨੇ ਵੀ ਸ਼ਿਰਕਤ ਕੀਤੀ।

ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਆਈਐਮਆਈ 5.0 ਦੇ ਹਿੱਸੇ ਵਜੋਂ ਸਿਹਤ ਵਿਭਾਗ ਉਨ੍ਹਾਂ ਮਸਲਿਆਂ ’ਤੇ  ਧਿਆਨ ਕੇਂਦਰਿਤ ਕਰੇਗਾ ਜੋ ਟੀਕਾਕਰਨ ਕਵਰੇਜ ਵਿੱਚ ਅੜਿੱਕਾ ਬਣਦੇ ਹਨ ਅਤੇ ਉਨ੍ਹਾਂ ਆਬਾਦੀਆਂ ਨੂੰ ਵੀ ਕਵਰ ਕੀਤਾ ਜਾਵੇਗਾ, ਜੋ ਰੁਟੀਨ ਟੀਕਾਕਰਨ ਦੌਰਾਨ ਟੀਕਾ ਲਗਵਾਉਣ ਤੋਂ ਖੁੰਝ ਗਏ ਹਨ। ਸੂਬੇ ਨੇ ਅਜਿਹੇ ਲੋਕਾਂ , ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ ਜਾਂ ਸਿਰਫ ਅੰਸ਼ਿਕ ਤੌਰ ’ਤੇ ਟੀਕਾਕਰਨ ਕੀਤਾ ਗਿਆ ਹੈ , ਤੱਕ ਪਹੁੰਚ ਕਰਨ ਲਈ ਵੱਖ-ਵੱਖ ਪੱਧਰ ’ਤੇ ਵਿਆਪਕ ਤੌਰ ’ਤੇ  ਸਿਖਲਾਈ ਦਾ ਇੰਤਜ਼ਾਮ ਕੀਤਾ  ਹੈ ਤਾਂ ਜੋ  ਇਨ੍ਹਾਂ ਲੋਕਾਂ ਨੂੰ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਨੇ 60670 ਬੱਚਿਆਂ (0-5) ਅਤੇ 10163 ਗਰਭਵਤੀ ਔਰਤਾਂ ਨੂੰ ਦੇ ਟੀਕਾਕਰਨ ਲਈ 6156 ਸੈਸ਼ਨਾਂ ਦੀ ਯੋਜਨਾ ਬਣਾਈ ਹੈ।

ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਹ ਮੁਹਿੰਮ  0 ਤੋਂ 5 ਸਾਲ ਦੀ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਤਰਜੀਹ ਦਿੰਦੀ ਹੈ ,ਜਿਨ੍ਹਾਂ ਨੇ ਕੋਈ ਵੀ ਟੀਕਾ ਨਹੀਂ ਲਗਾਇਆ ਅਤੇ ਇਸ ਮੁਹਿੰਮ ਦਾ ਮੁੱਖ ਟੀਚਾ ਸਾਰੇ ਯੋਗ ਬੱਚਿਆਂ ਨੂੰ ਜੀਵਨ ਰੱਖਿਅਕ ਟੀਕਾਕਰਨ ਮੁਹੱਈਆ ਕਰਵਾਉਣਾ ਹੈ। ਇਸ ਤੋਂ ਇਲਾਵਾ, ਇਹ ਮੁਹਿੰਮ ਦੇਸ਼ ਵਿਆਪੀ ਖ਼ਸਰਾ (ਮੀਜ਼ਲਜ਼) ਅਤੇ ਰੁਬੈਲਾ ਦੇ ਖਾਤਮੇ ਵੱਲ ਇੱਕ ਮਹੱਤਵਪੂਰਨ ਕਦਮ ਹੈ,ਜੋ ਇਹ ਯਕੀਨੀ ਬਣਾਉਂਦਾ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਮੀਜ਼ਲਜ਼ ਅਤੇ ਰੁਬੇਲਾ ਕੰਟੇਨਿੰਗ ਵੈਕਸੀਨ (ਐਮਆਰਸੀਵੀ) ਦੇ ਅਤਿਜ਼ਰੂਰੀ ਦੋ-ਡੋਜ਼ ਸ਼ਡਿਊਲ ਨੂੰ ਜ਼ਰੂਰ ਪੂਰਾ ਕਰੇ।

ਹੋਰ ਖ਼ਬਰਾਂ :-  ਮੁੱਖ ਮੰਤਰੀ ਨੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ, ਨਿਰਮਾਣ ਕਾਰਜ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਐਲਾਨ

ਡਾ: ਅਭਿਨਵ ਤ੍ਰਿਖਾ ਨੇ ਯੂ-ਵਿਨ ਪੋਰਟਲ ਰਾਹੀਂ ਤਕਨਾਲੋਜੀ ਦੇ ਏਕੀਕਰਨ ਨੂੰ ਵੀ ਰੇਖਾਂਕਿਤ ਕੀਤਾ। ਇਹ ਅਤਿ-ਆਧੁਨਿਕ ਪਲੇਟਫਾਰਮ ਹੈਲਥਕੇਅਰ ਪੇਸ਼ੇਵਰਾਂ ਨੂੰ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ ਟੀਕਾਕਰਨ ਸਬੰਧੀ  ਵੇਰਵਿਆਂ ਅਤੇ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟਰੈਕ ਕਰਨ ਅਤੇ ਦਸਤਾਵੇਜ਼ੀ ਰਿਕਾਰਡ ਬਣਾਉਣ ਦੇ ਯੋਗ ਬਣਾਉਂਦਾ ਹੈ ਤਾਂ ਜੋ ਮੁਕੰਮਲ ਰੂਪ ਵਿੱਚ ਵੱਧ ਤੋਂ ਵੱਧ ਕਵਰੇਜ ਨੂੰ ਯਕੀਨੀ ਬਣਾਇਆ ਜਾ ਸਕੇ।

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਨੇ ਸਿਹਤ ਸਟਾਫ਼ ਨੂੰ ਅਪੀਲ ਕੀਤੀ ਕਿ  ਇਸ ਮੁਹਿੰਮ ਦੀ ਸਫ਼ਲਤਾ ਲਈ ਸੀਮਾਂਤ ਜਾਂ ਕਮਜੋਰ ਵਰਗਾਂ ਤੱਕ ਪਹੁੰਚ ਕੀਤੀ ਜਾਵੇ।

ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਹਿਤਿੰਦਰ ਕੌਰ ਨੇ ਇਸ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਸਿਹਤ ਮੰਤਰੀ ਨੂੰ ਮੁਹਿੰਮ ਦੇ ਟੀਚਿਆਂ ਦੀ ਸੌ ਫੀਸਦ ਪ੍ਰਾਪਤੀ ਦਾ ਭਰੋਸਾ ਵੀ ਦਿੱਤਾ।

ਡਾ: ਗੋਪਾਲ ਕ੍ਰਿਸ਼ਨ ਸੋਨੀ, ਪ੍ਰੋਜੈਕਟ ਡਾਇਰੈਕਟਰ, ਯੂਐਸਏਆਈਡੀ  ਨੇ ਐਮ-ਆਰਆਈਟੀਈ ਨੇ ਕਿਹਾ ਕਿ ਪੰਜਾਬ ਰਾਜ ਨੇ ਸਰਕਾਰ ਦੀ ਅਗਵਾਈ ਹੇਠ ਰਾਜੇ ਦੇ ਕਮਜੋਰ ਤੇ ਸੀਮਾਂਤ ਵਰਗ ਲਈ ਕੋਵਿਡ-19 ਵੈਕਸੀਨੇਸ਼ਨ ਪ੍ਰੋਜੈਕਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ ਅਤੇ ਇਸ ਮੁਹਿੰਮ ਵਿੱਚ ਵੀ ਸਿਹਤ ਵਿਭਾਗ ਦਾ ਵਧ ਚੜ੍ਹਕੇ ਸਹਿਯੋਗ ਕੀਤਾ ਜਾਵੇਗਾ।

ਡੱਬੀ: ਰੁਟੀਨ ਇਮਯੂਨਾਈਜ਼ੇਸ਼ਨ ਟਰਾਂਸਫਾਰਮੇਸ਼ਨ ਅਤੇ ਇਕੁਇਟੀ ਪ੍ਰੋਜੈਕਟ ਦਾ ਮੋਮੈਂਟਮ ਕੀ ਹੈ।

ਯੂਐਸਏਆਈਡੀ ਵੱਲੋਂ ਸਹਿਯੋਗ ਪ੍ਰਾਪਤ ‘ ਮੋਮੈਂਟਮ ਰੂਟੀਨ ਇਮਯੂਨਾਈਜ਼ੇਸ਼ਨ ਟਰਾਂਸਫਾਰਮੇਸ਼ਨ ਅਤੇ ਇਕੁਇਟੀ ਪ੍ਰੋਜੈਕਟ ’ ਨੇ ਭਾਰਤ ਵਿੱਚ ਕੋਵਿਡ-19 ਟੀਕਾਕਰਨ ਨੂੰ ਵਧਾਉਣ ਲਈ ਰਾਸ਼ਟਰੀ ਅਤੇ ਰਾਜ ਸਰਕਾਰਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਜੌਨ ਸਨੋ ਰਿਸਰਚ ਐਂਡ ਟਰੇਨਿੰਗ ਇੰਸਟੀਚਿਊਟ ਦੀ ਸਿਫਾਰਸ਼ ਕੀਤੀ । ਜੌਨ ਸਨੋ ਇੰਡੀਆ ਪ੍ਰਾਈਵੇਟ ਲਿਮਟਿਡ, ਜੋ ਕਿ ਜੇਐਸਆਈ ਯੂਐਸ ਦੀ ਇੱਕ ਐਫੀਲੀਏਟ ਹੈ , ਭਾਰਤ ਸਰਕਾਰ ਦੇ ਨਾਲ ਨਜ਼ਦੀਕੀ ਸਹਿਯੋਗ ਵਿੱਚ ਕੰਮ ਕਰ ਰਹੀ ਹੈ ਤਾਂ ਜੋ ਟੀਕਾਕਰਨ ਲਈ ਵੱਖ-ਵੱਖ ਵਰਗਾਂ ਤੱਕ ਪਹੁੰਚ ਅਤੇ ਡਿਲੀਵਰੀ ਦੇ ਯਤਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ  ਭਾਰਤ ਦੇ ਚੁਣੇ ਹੋਏ 18 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖਾਸ ਤੌਰ ’ਤੇ ਕਮਜ਼ੋਰ ਅਤੇ ਸੀਮਾਂਤ ਆਬਾਦੀ ਲਈ,  ਟੀਕਾਕਰਨ ਦੀ ਮੰਗ, ਵੰਡ ਨੂੰ ਵਧਾਉਣ ਲਈ ਸਥਾਨਕ ਗੈਰ-ਸਰਕਾਰੀ ਸੰਗਠਨਾਂ ਤੋਂ ਵੀ ਮਦਦ ਲਈ ਜਾਂਦੀ ਹੈ।

Leave a Reply

Your email address will not be published. Required fields are marked *