ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਨੂੰ ਚੌਲਾਂ ਦੀ ਸਪੁਰਦਗੀ ਲਈ ਲੋੜੀਂਦੀ ਜਗ੍ਹਾ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਲਈ ਕੇਂਦਰੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਸੂਬੇ ਵਿੱਚ ਸਾਉਣੀ ਮੰਡੀਕਰਨ ਸੀਜ਼ਨ 2024-25 ਦੌਰਾਨ ਝੋਨੇ/ਚੌਲਾਂ ਦੀ ਖਰੀਦ ਨਿਰਵਿਘਨ ਢੰਗ ਨਾਲ ਕੀਤੀ ਜਾ ਸਕੇ।

ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਲਿਖੇ ਪੱਤਰ ਵਿੱਚ ਭਗਵੰਤ ਸਿੰਘ ਮਾਨ ਨੇ  ਐਫ.ਸੀ.ਆਈ. ਕੋਲ ਸਪੁਰਦਗੀ ਲਈ ਥਾਂ ਦੀ ਘਾਟ ਸਬੰਧੀ ਮੁੱਦਾ ਉਠਾਇਆ ਹੈ। ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਐਫ.ਸੀ.ਆਈ. ਕੋਲ ਵਿਸ਼ੇਸ਼ ਤੌਰ ’ਤੇ ਮਈ ਤੋਂ ਲੈ ਕੇ ਹੁਣ ਤੱਕ ਗੰਭੀਰ ਰੂਪ ਵਿੱਚ ਥਾਂ ਦੀ ਘਾਟ ਹੈ ਜਿਸ ਕਾਰਨ ਸੂਬੇ ਦੇ ਰਾਈਸ ਮਿੱਲਰਾਂ ਵੱਲੋਂ ਕੇਂਦਰੀ ਪੂਲ ਵਿੱਚ ਐਫ.ਸੀ.ਆਈ. ਨੂੰ ਸਾਉਣੀ ਮੰਡੀਕਰਨ ਸੀਜ਼ਨ 2023-24 ਦੇ ਚੌਲਾਂ ਦੀ ਸਪੁਰਦਗੀ ਕਰਨ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸੂਬੇ ਦੇ ਰਾਈਸ ਮਿੱਲਰਾਂ ਵਿੱਚ ਆਗਾਮੀ ਸਾਉਣੀ ਸੀਜ਼ਨ 2024-25 ਦੌਰਾਨ ਥਾਂ ਦੀ ਕਿੱਲਤ ਬਾਰੇ ਵੀ ਚਿੰਤਾ ਪੈਦਾ ਹੋ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਰਾਈਸ ਮਿੱਲਰਾਂ ਦੇ ਯਤਨਾਂ ਦੇ ਬਾਵਜੂਦ ਹੁਣ ਤੱਕ ਐਫ.ਸੀ.ਆਈ. ਨੂੰ ਕੁੱਲ 98.35 ਫੀਸਦੀ ਚੌਲਾਂ ਦੀ ਸੁਪਰਦਗੀ ਕੀਤੀ ਜਾ ਸਕੀ ਹੈ। ਉਨ੍ਹਾਂ ਕਿਹਾ ਕਿ ਥਾਂ ਦੀ ਲਗਾਤਾਰ ਘਾਟ ਕਾਰਨ ਸੂਬਾ ਸਰਕਾਰ ਪਹਿਲਾਂ 31 ਜੁਲਾਈ, 2024 ਅਤੇ ਫਿਰ 31 ਅਗਸਤ, 2024 ਤੱਕ ਮਿਲਿੰਗ ਦਾ ਸਮਾਂ ਵਧਾਉਣ ਲਈ ਮਜਬੂਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਥਾਂ ਦੀ ਕਿੱਲਤ ਕਾਰਨ ਸਾਉਣੀ ਸੀਜ਼ਨ 2023-24 ਦੇ ਬਾਕੀ ਪਏ ਚੌਲਾਂ ਕਾਰਨ, ਕੇਂਦਰ ਸਰਕਾਰ ਨੇ ਸਪੁਰਦਗੀ ਦੀ ਮਿਆਦ 30 ਸਤੰਬਰ, 2024 ਤੱਕ ਵਧਾ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਕੋਲ ਥਾਂ ਦੀ ਕਮੀ ਦਾ ਮੁੱਦਾ ਬਾਕਾਇਦਾ ਉਠਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ‘ਚੋਂ ਕਣਕ ਅਤੇ ਝੋਨੇ ਦੇ ਵਾਧੂ ਰੈਕ ਭੇਜ ਕੇ ਇਸ ਸਮੱਸਿਆ ਦੇ ਤੁਰੰਤ ਨਿਪਟਾਰੇ ਦੀ ਮੰਗ ਕੀਤੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿ ਪਹਿਲਾਂ ਪਏ ਚੌਲ ਜਲਦ ਤੋਂ ਜਲਦ ਐਫ.ਸੀ.ਆਈ. ਨੂੰ ਪਹੁੰਚਾਏ ਜਾਣ, ਤਾਂ ਜੋ ਸਾਉਣੀ ਮੰਡੀਕਰਨ ਸੀਜ਼ਨ 2024-25  ਦੌਰਾਨ ਐਫ.ਸੀ.ਆਈ. ਕੋਲ ਥਾਂ ਦੀ ਉਪਲਬਧਤਾ ਦੇ ਮੁੱਦੇ ਦਾ ਸੁਚਾਰੂ ਢੰਗ ਨਾਲ  ਹੱਲ ਕੀਤਾ ਜਾ ਸਕੇ।

ਹੋਰ ਖ਼ਬਰਾਂ :-  ਕੇਂਦਰ ਸਰਕਾਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ਵਿੱਚ ਸ਼ਾਮਲ ਕਰੇ: ਚੇਤਨ ਸਿੰਘ ਜੌੜਾਮਾਜਰਾ

ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਸੀਜ਼ਨ ਦੌਰਾਨ 185-190 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋਣ ਦੀ ਉਮੀਦ ਹੈ, ਜਿਸ ਨਾਲ ਕੇਂਦਰੀ ਪੂਲ ਲਈ 120-125 ਲੱਖ ਮੀਟਰਕ ਟਨ ਚੌਲਾਂ ਦਾ ਉਤਪਾਦਨ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਤੱਕ, ਸੂਬੇ ਵਿੱਚ ਉਪਲਬਧ ਕੁੱਲ 171 ਲੱਖ ਮੀਟਰਕ ਟਨ ਦੀ ਕਵਰਡ ਸਪੇਸ ਦੇ ਮੁਕਾਬਲੇ, ਲਗਭਗ 121 ਲੱਖ ਮੀਟਰਕ ਟਨ ਚੌਲ ਅਤੇ 50 ਲੱਖ ਮੀਟਰਕ ਟਨ ਕਣਕ ਕਵਰਡ ਗੋਦਾਮਾਂ ਵਿੱਚ ਸਟੋਰ ਕੀਤੀ ਹੋਈ ਹੈ ਅਤੇ ਨਵੀਂ ਫਸਲ ਰੱਖਣ ਲਈ ਕੋਈ ਥਾਂ ਉਪਲਬਧ ਨਹੀਂ ਹੈ। ਰਾਈਸ ਮਿੱਲਰਾਂ ਵੱਲੋਂ ਐੱਫ.ਸੀ.ਆਈ. ਕੋਲ ਥਾਂ ਦੇ ਮੁੱਦੇ ’ਤੇ ਖਦਸ਼ਾ ਜ਼ਾਹਰ ਕੀਤੇ ਜਾਣ ਵਾਲੇ ਮਸਲੇ ’ਤੇ ਬੋਲਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਵੱਲੋਂ ਅਗਾਮੀ ਸਾਉਣੀ ਲਈ ਸਮੇਂ ਸਿਰ ਵਾਧੂ ਰੈਕ ਜੁਟਾ ਕੇ ਲੋੜੀਂਦੀ ਥਾਂ ਬਣਾ ਲਈ  ਜਾਂਦੀ ਹੈ ਤਾਂ ਇਹ ਸੂਬੇ ਦੇ ਕਿਸਾਨਾਂ ਲਈ ਕਾਫੀ ਲਾਹੇਵੰਦ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਭੰਡਾਰਨ ਦੇ ਮੁੱਦਾ ‘ਤੇ ਫੌਰੀ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਮਾਰਚ, 2025 ਤੱਕ ਸੂਬੇ ਵਿੱਚੋਂ ਹਰ ਮਹੀਨੇ ਘੱਟੋ-ਘੱਟ 20 ਲੱਖ ਮੀਟਰਕ ਟਨ ਅਨਾਜ, ਖਾਸ ਕਰਕੇ ਚੌਲਾਂ ਦੀ ਮਾਸਿਕ ਢੋਆ-ਢੁਆਈ/ਲੀਕਿਊਡੇਸ਼ਨ ਦੀ ਲੋੜ ਹੈ, ਤਾਂ ਜੋ ਸਾਉਣੀ ਸੀਜ਼ਨ 2024-25 ਦੇ ਤਾਜ਼ੇ ਚੌਲਾਂ ਨੂੰ ਲੋੜੀਂਦੀ ਥਾਂ ਪੈਦਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਕਤ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਨੂੰ ਕਵਰਡ ਸਟੋਰੇਜ ਸਪੇਸ ਦੇ ਲੋੜੀਂਦੇ ਪ੍ਰਬੰਧ ਕਰਨ ਹਿੱਤ ਐਫ.ਸੀ.ਆਈ. ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨ ਲਈ ਨਿੱਜੀ ਤੌਰ ’ਤੇ ਦਖਲ ਦੇਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 24 ਸਤੰਬਰ ਤੋਂ 25 ਮਾਰਚ ਤੱਕ ਸੂਬੇ ਦੇ ਕਵਰਡ ਗੋਦਾਮਾਂ ਤੋਂ ਪ੍ਰਤੀ ਦਿਨ ਕਣਕ ਅਤੇ ਚੌਲਾਂ ਦੇ ਘੱਟੋ-ਘੱਟ 25 ਰੈਕ ਲੈਜਾਣੇ ਚਾਹੀਦੇ ਹਨ ਤਾਂ ਜੋ ਚੌਲਾਂ ਦੀ ਸੁਪਰਦਗੀ ਲਈ ਲੋੜੀਂਦੀ ਥਾਂ ਪੈਦਾ ਕੀਤੀ ਜਾ ਸਕੇ ਅਤੇ ਸੂਬੇ ਵਿੱਚ ਸਾਉਣੀ ਸੀਜ਼ਨ 2024-25 ਦੌਰਾਨ  ਝੋਨੇ/ਚਾਵਲ ਦੀ ਖਰੀਦ ਨਿਰਵਿਘਨ ਢੰਗ ਨਾਲ ਕੀਤੀ ਜਾ ਸਕੇ।

Leave a Reply

Your email address will not be published. Required fields are marked *