ਅਨਮੋਲ ਗਗਨ ਮਾਨ ਨੇ ਖਰੜ ਵਿੱਚ ਅੱਠ ਟਿਊਬਵੈੱਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਖਰੜ ਤੋਂ ਵਿਧਾਇਕ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਕੱਲ ਵੀਰਵਾਰ ਨੂੰ ਖਰੜ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਖਰੜ ਦੇ ਅੱਠ ਵਾਰਡਾਂ ਲਈ ਅੱਠ ਟਿਊਬਵੈਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।

ਖਰੜ ਦੇ ਵਾਰਡ 12 ਵਿਖੇ ਇੱਕ ਜਨਤਕ ਇਕੱਠ ਦੌਰਾਨ ਟਿਊਬਵੈੱਲ ਪ੍ਰੋਜੈਕਟਾਂ ਅਤੇ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਖਰੜ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਖਰੜ ਸ਼ਹਿਰ ਵਿੱਚ 4.25 ਕਰੋੜ ਰੁਪਏ ਦੀ ਲਾਗਤ ਨਾਲ 12 ਟਿਊਬਵੈੱਲ ਲਗਾਏ ਜਾ ਚੁੱਕੇ ਹਨ ਅਤੇ 4.25 ਕਰੋੜ ਰੁਪਏ ਦੀ ਲਾਗਤ ਦੇ ਟਿਊਬਵੈੱਲ ਹੋਰ  ਲੱਗਣ ਦੀ ਤਿਆਰੀ ਵਿੱਚ ਹਨ।

ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ 158 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 30 ਕਰੋੜ ਰੁਪਏ ਦੇ ਦੋ ਸੀਵਰੇਜ ਪ੍ਰਾਜੈਕਟ ਜਿਨ੍ਹਾਂ ਵਿੱਚ ਖੂਨੀਮਾਜਰਾ ਦਾ 17 ਕਰੋੜ ਰੁਪਏ ਦਾ ਪ੍ਰੋਜੈਕਟ ਸ਼ਾਮਲ ਹੈ, ਸ਼ਹਿਰ ਵਿੱਚ ਓਵਰਫਲੋ ਹੋ ਰਹੇ ਸੀਵਰੇਜ ਦੇ ਮੁੱਦੇ ਨੂੰ ਪੱਕੇ ਤੌਰ ’ਤੇ ਹੱਲ ਕਰਨ ਲਈ ਸਥਾਪਤ ਕੀਤੇ ਜਾ  ਰਹੇ ਹਨ ਜੋ ਕਿ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਸੀ।

ਇਸ ਤੋਂ ਇਲਾਵਾ 117 ਕਰੋੜ ਰੁਪਏ ਦਾ ਪੀਣ ਵਾਲੇ ਪਾਣੀ ਦਾ ਪ੍ਰਾਜੈਕਟ ਜਿਸ ਦਾ ਟੈਂਡਰ ਕੱਲ੍ਹ ਲੱਗਣ ਜਾ ਰਿਹਾ ਹੈ, ਨੂੰ ਵੀ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਕਰਵਾ ਕੇ ਇੱਕ ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੱਕ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਟਿਊਬਵੈੱਲ ਤਿਆਰ ਹੋ ਜਾਣਗੇ। ਅਨਮੋਲ ਗਗਨ ਮਾਨ ਨੇ ਇਸ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖਰੜ ਸ਼ਹਿਰ ਦੀ ਅਗਲੇ ਕਈ ਸਾਲਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। 

ਹੋਰ ਖ਼ਬਰਾਂ :-  ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨ-ਲਾਈਨ ਅਰਜੀਆਂ ਦੀ ਮੰਗ

ਖਰੜ ਦੇ ਸਰਵਪੱਖੀ ਵਿਕਾਸ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਰੜ ਵਾਸੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਹੁਣ ਖਰੜ ਵਾਸੀਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਭਗਵੰਤ ਮਾਨ ਸਰਕਾਰ ਪੱਬਾਂ ਭਾਰ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ‘ਤੇ ਨਾਜਾਇਜ਼ ਉਸਾਰੀਆਂ ਨੇ ਸ਼ਹਿਰ ਦੇ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਦਿੱਤਾ ਹੈ, ਜਿਸ ਕਾਰਨ ਸ਼ਹਿਰ ‘ਚ ਬਰਸਾਤ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ‘ਚ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਕ ਸਾਲ ਦੇ ਵਿੱਚ ਵਿੱਚ ਖਰੜ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨ ਵਾਲੇ ਪੰਜਾਬੀ ਨੌਜਵਾਨਾਂ ਬਾਰੇ ਕੀਤੀਆਂ ਟਿੱਪਣੀਆਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਇੱਕ ਵਿਸ਼ੇਸ਼ ਏਜੰਡੇ ‘ਤੇ ਚੱਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਬਰਦਾਸ਼ਤਯੋਗ ਨਹੀਂ ਹੈ।

Leave a Reply

Your email address will not be published. Required fields are marked *