ਪੰਜਾਬ ਨੂੰ ਸੁਰੱਖਿਅਤ ਅਤੇ ਸਾਈਬਰ ਅਪਰਾਧਾਂ ਤੋਂ ਮਹਿਫੂਜ਼ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਡਿਜੀਟਲ ਅਰੈਸਟ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਅਸਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰ-ਰਾਜੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਜ਼ਰੁਲ ਅਲੀ ਅਤੇ ਮਿਦੁਲ ਅਲੀ ਵਜੋਂ ਹੋਈ ਹੈ, ਦੋਵੇਂ ਆਸਾਮ ਦੇ ਕਾਮਰੂਪ ਦੇ ਰਹਿਣ ਵਾਲੇ ਹਨ।
ਡਿਜੀਟਲ ਅਰੈਸਟ, ਇੱਕ ਅਜਿਹੀ ਸਾਈਬਰ ਧੋਖਾਧੜੀ ਹੈ, ਜਿਸ ਵਿੱਚ ਧੋਖਾਧੜੀ ਕਰਨ ਵਾਲੇ, ਲਾਅ ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀਆਂ ਦੇ ਰੂਪ ਵਿੱਚ, ਪੀੜਤਾਂ ਨੂੰ ਇਹ ਵਿਸ਼ਵਾਸ ਦਿਵਾ ਦਿੰਦੇ ਕਿ ਉਨ੍ਹਾਂ ਨੇ ਕੋਈ ਗੰਭੀਰ ਅਪਰਾਧ ਕੀਤਾ ਹੈ ਅਤੇ ਪੀੜਤ ਨੂੰ ਉਹਨਾਂ (ਧੋਖੇਬਾਜਾਂ) ਦੀਆਂ ਮੰਗਾਂ ਪੂਰੀਆਂ ਹੋਣ ਤੱਕ ਔਨਲਾਈਨ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਜੋ ਡਰਾ-ਧਮਕਾ ਕੇ ਉਸ ਕੋਲੋਂ ਪੈਸੇ ਠੱਗੇ ਜਾ ਸਕਣ।
ਜਾਣਕਾਰੀ ਅਨੁਸਾਰ, ਇੱਕ 76 ਸਾਲਾ ਸੇਵਾਮੁਕਤ ਸਰਕਾਰੀ ਅਧਿਕਾਰੀ ਨੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁੰਬਈ ਸਾਈਬਰ ਕ੍ਰਾਈਮ ਦੇ ਅਧਿਅਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਵਿਅਕਤੀਆਂ ਨੇ ਉਸ ਨੂੰ ਵਟਸਐਪ ਕਾਲ ਰਾਹੀਂ ਡਿਜੀਟਲ ਅਰੈਸਟ ਦੇ ਤਹਿਤ 76 ਲੱਖ ਰੁਪਏ ਦੀ ਠੱਗੀ ਮਾਰੀ ਹੈ। ਕਾਲਰ ਨੇ ਪੀੜਤ ’ਤੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਇੱਕ ਅਪਰਾਧੀ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਅਤੇ ਇਹ ਵੀ ਦਾਅਵਾ ਕੀਤਾ ਕਿ ਮੁੰਬਈ ਹਾਈ ਕੋਰਟ ਵੱਲੋਂ ਉਸਦੇ ਨਾਮ ’ਤੇ ਸਬਪੋਨਾ ਜਾਰੀ ਕੀਤਾ ਗਿਆ ਹੈ। ਮੁੰਬਈ ਸਾਈਬਰ ਕ੍ਰਾਈਮ ਦੇ ਪੁਲਿਸ ਅਧਿਕਾਰੀ ਵਜੋਂ ਧੋਖਾਧੜੀ ਕਰਨ ਵਾਲੇ ਕਾਲਰ ਨੇ ਉਸਨੂੰ ਵੱਖ-ਵੱਖ ਬੈਂਕਾਂ ਦੇ ਖਾਤਾ ਨੰਬਰ ਦਿੱਤੇ ਅਤੇ ਉਸਨੂੰ ਦੋਸ਼ਾਂ ਤੋਂ ਮੁਕਤ ਕਰਨ ਲਈ ਉਕਤ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਨ ਲਈ ਮਜਬੂਰ ਕੀਤਾ। ਕਾਲਰ ਦੀਆਂ ਹਦਾਇਤਾਂ ਅਨੁਸਾਰ ਪੀੜਤ ਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 76 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ।
ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਦੇ ਹੋਰ ਸਾਈਬਰ ਧੋਖਾਧੜੀ ਵਿੱਚ ਅੰਤਰਰਾਜੀ ਸਬੰਧਾਂ ਦਾ ਖੁਲਾਸਾ ਹੋਇਆ ਹੈ ਕਿਉਂਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਬੈਂਕ ਖਾਤੇ ਨੇ ਸੱਤ ਰਾਜਾਂ ਵਿੱਚ ਫੈਲੇ ਘੱਟੋ-ਘੱਟ 11 ਹੋਰ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦਾ ਸੰਕੇਤ ਦਿੱਤਾ ਹੈ, ਜਿਸ ਵਿੱਚ ਕਰੀਬ 15 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਬੈਂਕ ਖਾਤਿਆਂ, ਵਟਸਐਪ ਖਾਤਿਆਂ ਅਤੇ ਮੋਬਾਈਲ ਨੰਬਰਾਂ ਬਾਰੇ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਇਹ ਗਿਰੋਹ ਆਸਾਮ ਦੇ ਦੂਰ-ਦੁਰਾਡੇ ਦੇ ਜ਼ਿਲਿ੍ਹਆਂ ਤੋਂ ਅਜਿਹੀਆਂ ਠੱਗੀਆਂ ਨੂੰ ਅੰਜਾਮ ਦਿੰਦਾ ਸੀ। ਵਟਸਐਪ ਅਤੇ ਸਕਾਈਪ ਵੱਲੋਂ ਦਿੱਤੇ ਗਏ ਆਈ.ਪੀ. ਲੌਗਸ ਦੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਫਰਜ਼ੀ-ਧਮਕੀ ਇਹ ਸਬੰਧੀ ਕਾਲਾਂ ਕੰਬੋਡੀਆ ਅਤੇ ਹਾਂਗਕਾਂਗ ਤੋਂ ਆਈਆਂ ਸਨ।
ਇਸ ਕਾਰਵਾਈ ਦੇ ਵੇਰਵਿਆਂ ਨੂੰ ਸਾਂਝਾ ਕਰਦਿਆਂ ਏ.ਡੀ.ਜੀ.ਪੀ. ,ਸਾਈਬਰ ਕ੍ਰਾਈਮ ਡਿਵੀਜ਼ਨ ਵੀ. ਨੀਰਜਾ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ, ਪੰਜਾਬ ਦੀ ਇੱਕ ਟੀਮ ਇੰਸਪੈਕਟਰ ਜੁਝਾਰ ਸਿੰਘ ਦੀ ਅਗਵਾਈ ਵਿੱਚ ਪਿਛਲੇ ਹਫ਼ਤੇ ਅਸਾਮ ਗਈ ਸੀ ਅਤੇ ਅਸਾਮ ਦੇ ਕਾਮਰੂਪ ਜ਼ਿਲ੍ਹੇ ਤੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਹਨਾਂ ਨੇ ਕਿਹਾ ਕਿ ਦੋਸ਼ੀ ਨਜ਼ਰੁਲ ਅਲੀ ’ਚਾਲੂ ਬੈਂਕ ਖਾਤੇ’ ਦਾ ਮਾਲਕ ਸੀ, ਜੋ ਕਿ ਲੇਅਰ ਵਨ ’ਤੇ ਪੈਸਿਆਂ ਦੀ ਹੇਰਾਫੇਰੀ ਕਰਦਾ ਸੀ ਅਤੇ ਮਿਦੁਲ ਅਲੀ ਨੇ ਉਸ ਦੇ ਦਸਤਾਵੇਜ਼ ਮੁਹੱਈਆ ਕਰਵਾ ਕੇ ਬੈਂਕ ਖਾਤਾ ਖੋਲ੍ਹਣ ਵਿਚ ਉਸ ਦੀ ਮਦਦ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਟਰਾਂਜ਼ਿਟ ਰਿਮਾਂਡ ’ਤੇ ਮੋਹਾਲੀ ਲਿਆਂਦਾ ਗਿਆ ਹੈ, ਜਦਕਿ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਏਡੀਜੀਪੀ ਨੇ ਕਿਹਾ ਕਿ ਮੁਲਜ਼ਮ ਦਾ ਚਾਲੂ ਖਾਤਾ ਖੋਲ੍ਹਣ ਵਿੱਚ ਮਦਦ ਕਰਨ ਵਾਲੇ ਬੈਂਕ ਮੁਲਾਜ਼ਮਾਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਉਹਨਾਂ ਅੱਗੇ ਦੱਸਿਆ ਕਿ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (94 ਸੀ) ਪੋਰਟਲ ’ਤੇ ਇਹਨਾਂ ਵੇਰਵਿਆਂ ਨੂੰ ਦੂਜੇ ਰਾਜਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਥਾਣਾ ਸਟੇਟ ਸਾਈਬਰ ਕ੍ਰਾਈਮ ਐਸ.ਏ.ਐਸ.ਨਗਰ ਵਿਖੇ ਐਫ.ਆਈ.ਆਰ ਨੰ. 25 ਮਿਤੀ 24.09.2024 ਨੂੰ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 308(2), 318(4), 319(2) ਅਤੇ 61(2) ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀ ਧਾਰਾ 66(ਸੀ) ਅਤੇ 66(ਡੀ) ਤਹਿਤ ਕੇਸ ਪਹਿਲਾਂ ਹੀ ਦਰਜ ਹੈ।