ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਜਾ ਕੇ ਕਰਨ ਲਈ ਵਿੱਢੀ ਗਈ ਮੁਹਿੰਮ “ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਜ਼ਿਲ੍ਹੇ ਭਰ ਚ ਵੱਖ-ਵੱਖ ਪਿੰਡਾਂ ਵਿੱਚ 6 ਫਰਵਰੀ ਤੋਂ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅਗਾਊਂ ਪ੍ਰਬੰਧਾਂ ਸਬੰਧੀ ਵੱਖ-ਵੱਖ ਦੇ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕਰਨਾ ਹੈ। ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਗਾਏ ਜਾਣ ਵਾਲੇ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨਾ ਯਕੀਨੀ ਬਣਾਉਣ।
ਲਗਾਏ ਜਾਣ ਵਾਲੇ ਇਨ੍ਹਾਂ ਕੈਂਪਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੀਆਂ ਚਾਰ ਸਬ-ਡਵੀਜਨਾਂ ਬਠਿੰਡਾ, ਰਾਮਪੁਰਾ ਫੂਲ, ਤਲਵੰਡੀ ਸਾਬੋ ਅਤੇ ਮੌੜ ਦੇ ਪਿੰਡਾਂ ਵਿੱਚ ਕੁੱਲ 302 ਕੈਂਪ ਲਗਾਏ ਜਾਣਗੇ। ਇਹ ਕੈਂਪ ਸਬ-ਡਵੀਜ਼ਨ ਬਠਿੰਡਾ ਦੇ ਪਿੰਡਾਂ ਵਿੱਚ 6 ਫਰਵਰੀ ਨੂੰ ਪਿੰਡ ਮੁਲਤਾਨੀਆਂ, ਮੀਆਂ, ਭੁੱਚੋ ਖੁਰਦ ਅਤੇ ਬੁਰਜ ਕਾਹਨ ਸਿੰਘ ਵਾਲਾ ਵਿਖੇ, 7 ਫਰਵਰੀ ਨੂੰ ਪਿੰਡ ਗਿੱਲ ਪੱਤੀ, ਅਮਰਗੜ੍ਹ, ਗੁਰੂਸਰ ਸੈਣੇਵਾਲਾ ਅਤੇ ਫੁੱਲੋ ਮਿੱਠੀ ਵਿਖੇ ਲਗਾਏ ਜਾਣਗੇ। ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡਾਂ ਵਿਚ 6 ਫਰਵਰੀ ਨੂੰ ਭਾਗੀਵਾਂਦਰ ਅਤੇ ਰਾਮਸਰਾ ਵਿਖੇ, 7 ਫਰਵਰੀ ਨੂੰ ਜੱਜਲ ਅਤੇ ਪੱਕਾ ਕਲਾਂ ਵਿਖੇ, ਸਬ-ਡਵੀਜਨ ਰਾਮਪੁਰਾ ਫੂਲ ਦੇ ਪਿੰਡ ਰਾਮੂੰਵਾਲਾ ਅਤੇ ਭਾਈਰੂਪਾ ਵਿਖੇ 6 ਫਰਵਰੀ ਨੂੰ ਅਤੇ ਹਾਕਮ ਸਿੰਘ ਵਾਲਾ ਅਤੇ ਸੇਲਬਰਾਹ ਵਿਖੇ 7 ਫਰਵਰੀ ਨੂੰ, ਇਸੇ ਤਰ੍ਹਾਂ ਹੀ ਸਬ-ਡਵੀਜਨ ਮੌੜ ਵਿਖੇ 6 ਫਰਵਰੀ ਨੂੰ ਥੰਮਣਗੜ੍ਹ ਅਤੇ ਗਹਿਰੀ ਬਾਰਾ ਸਿੰਘ ਅਤੇ 7 ਫਰਵਰੀ ਨੂੰ ਪਿੰਡ ਬਾਲਿਆਂਵਾਲੀ ਅਤੇ ਭੂੰਦੜ ਵਿਖੇ ਕੈਂਪ ਲਗਾਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਕੇ ਤੇ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਅੱਗੇ ਕਿਹਾ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿੰਨ੍ਹਾਂ ਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਸ਼ਾਮਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਸਹਾਇਕ ਕਮਿਸ਼ਨਰ (ਜਨਰਲ) ਪੰਕਜ ਕੁਮਾਰ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਮੈਡਮ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਰਾਮੁਪਰਾ ਫੂਲ ਮੈਡਮ ਬਲਜੀਤ ਕੌਰ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।