ਕੋਰੀਆ ਵਿਖੇ ਹੋ ਰਹੇ ਤੀਰਅੰਦਾਜ਼ੀ (Archery) ਦੇ ਵਿਸ਼ਵ ਕੱਪ ਸਟੇਜ-2 ਵਿੱਚ ਭਾਰਤ ਦੀ ਕੰਪਾਊਂਡ ਵੁਮੈਨ ਟੀਮ (Compound Women’s Team) ਨੇ ਫ਼ਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਮੋਹਰੀ ਭੂਮਿਕਾ ਨਿਭਾਈ। ਮਾਨਸਾ ਜ਼ਿਲ੍ਹੇ ਨਾਲ਼ ਸੰਬੰਧਤ ਪਰਨੀਤ ਕੌਰ ਤੀਰਅੰਦਾਜ਼ੀ ਦੇ ਖੇਤਰ ਵਿੱਚ ਵਿਸ਼ਵ ਪੱਧਰ ਉੱਤੇ ਨਾਮਣਾ ਖੱਟ ਰਹੀ ਹੈ। ਚੀਨ ਦੇ ਸ਼ੰਘਾਈ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ-1 (Archery World Cup Stage-1) ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ 20 ਤੋਂ ਵਧੇਰੇ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁੱਕੀ ਹੈ, ਉਸ ਦੀਆਂ ਪ੍ਰਾਪਤੀਆਂ ਵਿੱਚ ਕੈਡਟ ਵਲਡ ਚੈਂਪੀਅਨਸ਼ਿਪ (Cadet World Championship) ਵਿੱਚ ਸੋਨ ਤਗ਼ਮਾ।
ਯੂਥ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਸੀਨੀਅਰ ਵਲਡ ਚੈਂਪੀਅਨਸ਼ਿਪ (Senior World Championship) ਵਿੱਚ ਸੋਨ ਤਗ਼ਮਾ, 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ, ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਸੋਨ ਤਗ਼ਮਾ, ਏਸ਼ੀਆ ਕੱਪ ਵਿੱਚ ਸੋਨ ਤਗ਼ਮਾ, ਵਰਲਡ ਕੱਪ ਵਿੱਚ ਦੋ ਵਾਰ ਸੋਨ ਤਗ਼ਮਾ ਅਤੇ ਇਨ-ਡੋਰ ਵਲਡ ਸੀਰੀਜ਼ ਵਿੱਚ ਸੋਨ ਤਗ਼ਮਾ ਆਦਿ ਸ਼ਾਮਿਲ ਹਨ। ਭਾਰਤੀ ਟੀਮ ਨੇ ਇਹ ਪ੍ਰਾਪਤੀ ਯੂ. ਐੱਸ. ਏ. ਅਤੇ ਇਟਲੀ ਦੀਆਂ ਟੀਮਾਂ ਨੂੰ ਹਰਾ ਕੇ ਹਾਸਲ ਕੀਤੀ ਹੈ, ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋਂ ਪਰਨੀਤ ਕੌਰ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਸੁਨਹਿਰਾ ਇਤਿਹਾਸ ਰਿਹਾ ਹੈ।
ਤਾਜ਼ਾ ਪ੍ਰਾਪਤੀ ਨਾਲ਼ ਪਰਨੀਤ ਕੌਰ ਨੇ ਸਿਰਫ਼ ਪੰਜਾਬੀ ਯੂਨੀਵਰਸਿਟੀ (Punjabi University) ਜਾਂ ਪੰਜਾਬ ਦਾ ਹੀ ਨਹੀਂ ਸਗੋਂ ਸਮੁੱਚੇ ਦੇਸ ਦਾ ਨਾਮ ਰੌਸ਼ਨ ਕੀਤਾ ਹੈ। ਖੇਡ ਵਿਭਾਗ ਦੀ ਡਾਇਰੈਕਟਰ ਡਾ. ਅਜੀਤਾ ਨੇ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਪਰਨੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਦਾ ਮਾਣ ਕਰਾਰ ਦਿੱਤਾ।