ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਦੇ ਕਰਮਚਾਰੀਆਂ ਨੂੰ ਇੱਕ ਵਾਰ ਫਿਰ ਵਧਾਈ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ 99.94 ਫੀਸਦੀ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆਂ ਕਰਵਾ ਕੇ ਰਾਜ ਵਿਚੋਂ ਪਹਿਲੇ ਸਥਾਨ ਤੇ ਹੈ।ਸ੍ਰੀ ਥੋਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਈ-ਸੇਵਾ ਕੇਂਦਰ ਰਾਹੀਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅੰਮ੍ਰਿਤਸਰ ਜਿਲ੍ਹਾ ਪਹਿਲੇ ਨੰਬਰ ’ਤੇ ਸੀ ਪਰ ਪਿਛਲੇ ਕੁਝ ਦਿਨਾਂ ਵਿੱਚ ਹੀ ਈ ਸੇਵਾ ਬਕਾਇਆ ਕੇਸਾਂ ਨੂੰ ਲੈ ਕੇ ਖ਼ਤਮ ਕਰਨ ਲਈ ਤੁਹਾਡੇ ਦੁਆਰਾ ਕੀਤੀਆਂ ਗਈਆਂ ਸਖ਼ਤ ਕੋਸ਼ਿਸ਼ਾਂ ਸਦਕਾ ਪੈਂਡੇਂਸੀ ਨੂੰ ਵੱਡੀ ਹੱਦ ਤੱਕ ਖ਼ਤਮ ਕਰ ਦਿੱਤਾ ਗਿਆ ਹੈ। ਜਿਸ ਨਾਲ ਆਪਣਾ ਜਿਲ੍ਹਾ ਰਾਜ ਭਰ ਵਿੱਚ ਪਹਿਲੇ ਨੰਬਰ ’ਤੇ ਮੁੜ ਅਪਣਾ ਸਥਾਨ ਕਾਇਮ ਰੱਖ ਸਕਿਆ ਹੈ। ਉਨਾਂ ਕਿਹਾ ਕਿ ਇਸ ਪੱਧਰ ’ਤੇ ਰਹਿਣ ਲਈ ਅਧਿਕਾਰੀਆਂ ਅਤੇ ਸਬੰਧਤ ਕਰਮਚਾਰੀਆਂ ਨੂੰ ਹੋਰ ਜਿਆਦਾ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਉਨਾਂ ਦੀ ਪਹਿਲੀ ਤਰਜੀਹ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਖ਼ਤਮ ਕਰਨਾ ਸੀ, ਜਿਸ ਵਿੱਚ ਸਫ਼ਲਤਾ ਮਿਲੀ ਹੈ। ਵਰਣਨ ਯੋਗ ਹੈ ਕਿ ਕਿ ਲੋਕਾਂ ਨੂੰ 90 ਫੀਸਦੀ ਕੰਮ ਸੇਵਾ ਕੇਂਦਰਾਂ ਅਤੇ ਫਰਦ ਕੇਂਦਰਾਂ ਨਾਲ ਪੈਂਦੇ ਹਨ ਅਤੇ ਪੈਂਡੈਂਸੀ ਖ਼ਤਮ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ 425 ਦੇ ਕਰੀਬ ਲੋਕਾਂ ਨੂੰ ਵੱਖ-ਵੱਖ ਮਹਿਕਮਿਆਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪਿਛਲੇ ਸਾਲ 15 ਅਪ੍ਰੈਲ 2023 ਤੋਂ ਹੁਣ ਤੱਕ 4 ਲੱਖ 22 ਹਜ਼ਾਰ 414 ਦੇ ਕਰੀਬ ਲੋਕਾਂ ਵਲੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਤੱਕ ਪਹੁੰਚ ਕੀਤੀ ਗਈ ਹੈ। ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ 3 ਲੱਖ 92 ਹਜ਼ਾਰ 208 ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆਂ ਕਰਵਾਈਆਂ ਗਈਆਂ ਹਨ ਅਤੇ 9558 ਬਿਨੈ ਪੱਤਰ ਮੁਕੰਮਲ ਨਾ ਹੋਣ ਕਰਕੇ ਰੱਦ ਕੀਤੇ ਗਏ ਹਨ, 10313 ਦੇ ਕਰੀਬ ਬਿਨੈ ਪੱਤਰ ਪ੍ਰਕਿਰਿਆ ਵਿੱਚ ਹਨ ਅਤੇ 10335 ਦੇ ਕਰੀਬ ਬਿਨੈ ਪੱਤਰਾਂ ਤੇ ਇਤਰਾਜ ਲੱਗੇ ਹੋਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਸਾਸ਼ਨਿਕ ਸੁਧਾਰ ਸਾਖਾ ਦੇ ਤਕਨੀਕੀ ਕੁਆਰਡੀਨੇਟਰ ਸ: ਪ੍ਰਿੰਸ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਮੁੱਖ ਸੇਵਾਵਾਂ ਜਨਮ ਅਤੇ ਮੌਤ ਸਰਟੀਫਿਕੇਟ ਅਤੇ ਅਸਲੇ ਤੋਂ ਇਲਾਵਾ ਲਰਨਿੰਗ ਲਾਇਸੰਸ, ਆਧਾਰ ਕਾਰਡ ਦੀਆਂ ਸੇਵਾਵਾਂ, ਨੂੰ ਅਪਡੇਟ ਕਰਨਾ ਵੀ ਸ਼ਾਮਲ ਹੈ । ਸ: ਪ੍ਰਿੰਸ ਸਿੰਘ ਨੇ ਦੱਸਿਆ ਕਿ ਸਮੇਂ ਸਮੇਂ ਸਿਰ ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾਲੋ ਨਾਲ ਹੀ ਪੈਂਡੈਂਸੀ ਨੂੰ ਖ਼ਤਮ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਸਮੇਂ ਸਮੇਂ ਸਿਰ ਡਿਪਟੀ ਕਮਿਸ਼ਨਰ ਵਲੋਂ ਵੀਡਿਓ ਕਾਨਫਰੰਸਾਂ ਰਾਹੀਂ ਪੈਂਡੈਂਸੀ ਦੀ ਮੁਕੰਮਲ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ ਅਤੇ ਪੈਂਡੈਂਸੀ ਨੂੰ ਦੂਰ ਕਰਨ ਲਈ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।