ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਨਾਲ ਮੁਲਾਕਾਤ ਕੀਤੀ

ਅੰਮ੍ਰਿਤਸਰ ਤੋਂ ਤੀਜੀ ਵਾਰ ਜਿੱਤਣ ਤੋਂ ਬਾਅਦ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਗਰੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਤਹਿਤ ਅੱਜ ਦਿੱਲੀ ਵਿਖੇ ਕੇਂਦਰੀ ਏਵਿਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ ਗਈ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਸਤਾਰ ਅਤੇ ਨਵੀਆਂ ਉਡਾਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਰਾਮ ਮੋਹਨ ਨਾਲ ਮੁਲਾਕਾਤ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਉਡਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ । ਇਸ ਦੌਰਾਨ ਫੌਜ ਦੇ ਜਵਾਨਾਂ ਨੂੰ ਸਹੂਲਤਾਂ ਦੇਣ ਲਈ ਗੁਹਾਟੀ ਫਲਾਈਟ ਬਾਰੇ ਵੀ ਗੱਲਬਾਤ ਹੋਈ। ਔਜਲਾ ਨੇ ਕਿਹਾ ਕਿ ਫੌਜ ਦੇ ਜਵਾਨ ਤਿੰਨ ਦਿਨ ਦਾ ਸਫਰ ਕਰਕੇ ਰੇਲ ਗੱਡੀ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ, ਜਦਕਿ ਜੇਕਰ ਗੁਹਾਟੀ ਲਈ ਉਡਾਣ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ ਤਾਂ ਇਹ ਉਨ੍ਹਾਂ ਲਈ ਕਾਫੀ ਸੁਵਿਧਾਜਨਕ ਹੋਵੇਗਾ। ਸੈਰ ਸਪਾਟੇ ਮੁਤਾਬਕ ਅੰਮ੍ਰਿਤਸਰ ਤੋਂ ਧਰਮਸ਼ਾਲਾ ਲਈ ਵੀ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਕਾਫੀ ਸਮਾਂ ਬਚੇਗਾ ਜੋ ਕਿ ਕਾਰ ਰਾਹੀਂ ਕਈ ਘੰਟੇ ਦਾ ਸਫ਼ਰ ਕਰਕੇ ਧਰਮਸ਼ਾਲਾ ਪਹੁੰਚਦੇ ਹਨ। ਨਾਲ ਹੀ ਅੰਮ੍ਰਿਤਸਰ ਨਾਲ ਸੰਪਰਕ ਵਧਾਉਣ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਥਾਈ ਏਅਰਵੇਜ਼ ਵੱਲੋਂ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਗੱਲ ਕੀਤੀ ਅਤੇ ਹੋਰ ਅੰਤਰਰਾਸ਼ਟਰੀ ਉਡਾਣਾਂ ਨੂੰ ਵਧਾਉਣ ਤੇ ਵੀ ਜ਼ੋਰ ਦਿੱਤਾ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਹੀਥਰੋ ਲਈ ਸਿੱਧੀ ਉਡਾਣ ਸ਼ੁਰੂ ਕਰਨ ਬਾਰੇ ਵੀ ਗੱਲਬਾਤ ਹੋਈ। ਜਿਸ ਨਾਲ ਵਿਦਿਆਰਥੀਆਂ ਨੂੰ ਭਾਰੀ ਸਹੂਲਤ ਮਿਲੇਗੀ। ਜੇਕਰ ਅੰਮ੍ਰਿਤਸਰ ਤੋਂ ਹੀਥਰੋ ਲਈ ਸਿੱਧੀ ਉਡਾਣ ਸ਼ੁਰੂ ਹੋ ਜਾਂਦੀ ਹੈ ਤਾਂ ਵਿਦਿਆਰਥੀਆਂ ਨੂੰ ਪਹਿਲਾਂ ਦਿੱਲੀ ਨਹੀਂ ਜਾਣਾ ਪਵੇਗਾ, ਜਦਕਿ ਉਥੋਂ ਕੈਨੇਡਾ ਅਤੇ ਟੋਰਾਂਟੋ ਵੀ ਕੁਨੈਕਟਿੰਗ ਫਲਾਈਟਾਂ ਰਾਹੀਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਇਸ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਅੰਮ੍ਰਿਤਸਰ ਵਿੱਚ ਸੈਰ ਸਪਾਟਾ ਖੇਤਰ ਨੂੰ ਵੀ ਹੁਲਾਰਾ ਮਿਲੇਗਾ।

ਹੋਰ ਖ਼ਬਰਾਂ :-  ਆਗਾਮੀ ਆਮ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਆਪ: ਅਰਵਿੰਦ ਕੇਜਰੀਵਾਲ

ਇਨ੍ਹਾਂ ਉਡਾਣਾਂ ਦੇ ਵਿਸਥਾਰ ਨਾਲ ਨਾ ਸਿਰਫ਼ ਸੈਲਾਨੀਆਂ ਨੂੰ ਸਗੋਂ ਅੰਮ੍ਰਿਤਸਰ ਵਾਸੀਆਂ ਨੂੰ ਵੀ ਫਾਇਦਾ ਹੋਵੇਗਾ। ਸੈਲਾਨੀਆਂ ਦੀ ਆਮਦ ਨਾਲ ਵਪਾਰ ਵਧੇਗਾ ਅਤੇ ਸਿੱਧੀਆਂ ਉਡਾਣਾਂ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨਗੀਆਂ।

ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਸਤਾਰ ਅਤੇ ਇਸ ਦੇ ਬੁਨਿਆਦੀ ਢਾਂਚੇ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਆਉਣ ਵਾਲੇ ਯਾਤਰੀਆਂ ਨੂੰ ਪਹਿਲੀ ਸ਼੍ਰੇਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹ ਅੰਮ੍ਰਿਤਸਰ ਤੋਂ ਵਾਰ-ਵਾਰ ਉਡਾਣ ਭਰ ਸਕਣ।

Leave a Reply

Your email address will not be published. Required fields are marked *