ਪੈਸੇ ਤੇ ਵਾਤਵਰਣ ਦੀ ਬਚਤ ਲਈ ਲਾਹੇਵੰਦ ਹੈ ਸਰਫੇਸ ਸੀਡਰ ਦੀ ਵਿਧੀ

ਝੋਨੇ ਦੀ ਪਰਾਲੀ ਸਾੜੇ ਤੋਂ ਬਿਨਾਂ ਘੱਟ ਖਰਚ ਤੇ ਘੱਟ ਸਮੇਂ ਵਿਚ ਕਣਕ ਦੀ ਬਿਜਾਈ ਕਰਨ ਲਈ ਆਈ ਨਵੀਂ ਤਕਨੀਕ ਸਰਫੇਸ ਸੀਡਰਦੀ ਵਰਤੋਂ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਤੇ ਉਕਤ ਕਿਸਾਨ ਦੇ ਵਿਚਾਰ ਸੁਣਨ ਲਈ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਪਿੰਡ ਹੁਸ਼ਿਆਰ ਨਗਰ ਦਾ ਵਿਸ਼ੇਸ਼ ਤੌਰ ਉਤੇ ਦੌਰਾ ਕੀਤਾ ਅਤੇ ਕਿਸਾਨ ਸ. ਗੁਰਸੇਵਕ ਸਿੰਘ ਪੁੱਤਰ ਸ. ਸੁਖਵਿੰਦਰ ਸਿੰਘ ਨੂੰ ਨਵੀਂ ਤਕਨੀਕ ਅਪਨਾਉਣ ਲਈ ਸਾਬਾਸ਼ ਦਿੱਤੀ।

ਇਸ ਮੌਕੇ ਉਨਾਂ ਨਾਲ ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਥੋਰੀ ਨੇ ਕਿਸਾਨ ਗੁਰਸੇਵਕ ਸਿੰਘ ਨਾਲ ਖੁੱਲੀ ਗੱਲਬਾਤ ਕਰਦੇ ਉਸ ਕੋਲੋਂ ਇਸ ਤਜ਼ਰਬੇ ਦੇ ਵੇਰਵੇ ਲਏ ਤਾਂ ਕਿਸਾਨ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ 5 ਏਕੜ ਰਕਬੇ ਵਿਚ ਸਰਫੇਸ ਸੀਡਰ ਦੀ ਮਦਦ ਨਾਲ ਪਰਾਲੀ ਸਾੜੇ ਬਿਨਾਂ ਕਣਕ ਬੀਜੀ ਸੀ ਜੋ ਕਿ ਕਈ ਪਹਿਲੂਆਂ ਤੋਂ ਵਧੀਆ ਅਤੇ ਮੁਨਾਫੇ ਵਿਚ ਰਹੀ। ਉਸਨੇ ਦੱਸਿਆ ਕਿ ਮੈਂ 16 ਨਵੰਬਰ ਨੂੰ ਇਹ ਕਣਕ ਬੀਜੀ ਅਤੇ ਉਸ ਵੇਲੇ ਹੀ ਇਕ ਪਾਣੀ ਲਗਾ ਦਿੱਤਾ। ਇਸ ਮਗਰੋਂ ਕੇਵਲ ਇਕ ਪਾਣੀ ਹੋਰ ਲਗਾਇਆ। ਇਸ ਤੋਂ ਇਲਾਵਾ ਉਕਤ ਕਣਕ ਨੂੰ ਡੀ ਏ ਪੀ ਬਿਲਕੁੱਲ ਨਹੀਂ ਪਾਈ ਅਤੇ ਯੂਰੀਆ ਖਾਦ ਵੀ ਆਮ ਖੇਤਾਂ ਨਾਲੋਂ ਅੱਧੀ ਪਾਈ ਹੈ। ਇਸ ਤੋਂ ਇਲਾਵਾ ਇਸ ਕਣਕ ਨੂੰ ਨਾ ਤਾਂ ਕਿਸੇ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਪਈ ਤੇ ਨਾ ਹੀ ਕਿਸੇ ਕੀੜੇਮਾਰ ਜਾਂ ਤੇਲੇ ਦੀ ਸਪਰੇਅ ਕਰਨ ਦੀ ਲੋੜ ਪਈ। ਉਸਨੇ  ਦੱਸਿਆ ਕਿ ਇਸ ਕਣਕ ਦੇ ਖੇਤ ਵੀ ਅੱਜ ਆਮ ਖੇਤਾਂ ਵਾਂਗ ਹਨ ਅਤੇ ਆਸ ਹੈ ਕਿ ਇੰਨਾ ਦਾ ਝਾੜ ਵੀ ਰਵਾਇਤੀ ਤੌਰ ਤੇ ਬੀਜੀ ਕਣਕ ਵਾਂਗ 18 ਤੋਂ 20 ਕੁਇੰਟਲ ਪ੍ਰਤੀ ਕਿੱਲਾ ਰਹੇਗਾ। ਉਸਨੇ ਕਿਹਾ ਕਿ ਜੇਕਰ ਇਹ ਕਣਕ ਇੰਨਾ ਝਾੜ ਵੀ ਦੇ ਦਿੰਦੀ ਹੈ ਤਾਂ ਵੀ ਉਸਦੀ ਪ੍ਰਤੀ ਕਿੱਲਾ 4-5 ਹਜ਼ਾਰ ਰੁਪਏ ਦੀ ਬਚਤ ਰਹੇਗੀ ਕਿਉਂਕਿ ਇਸ ਉਤੇ  ਲਾਗਤ ਘੱਟ ਆਈ ਹੈ। ਇਸ ਤੋਂ ਇਲਾਵਾ ਇਸ ਹੇਠ ਵਾਹੀ ਗਈ ਪਰਾਲੀ ਜੋ ਕਿ ਹੁਣ ਬਿਲਕੁੱਲ ਗਲ ਕੇ ਖਾਦ ਬਣ ਚੁੱਕੀ ਹੈ ਆਉਣ ਵਾਲੀ ਸਾਉਣੀ ਦੀ ਫਸਲ ਦੇ ਵਾਧੇ ਵਿਚ ਵੀ ਕੰਮ ਕਰੇਗੀ।

ਹੋਰ ਖ਼ਬਰਾਂ :-  ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ

ਇਸ ਮੌਕੇ ਡਿਪਟੀ ਡਾਇਰੈਕਟਰ ਖੇਤੀਬਾੜੀ ਸ੍ਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਤਰਾਂ ਕਣਕ ਦੀ ਬਿਜਾਈ ਨਾਲ ਇਕ ਤਾਂ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤੀ ਮਿਲਦੀ ਹੈ, ਦੂਸਰਾ ਮਿਤਰ ਕੀੜੇ, ਪੰਛੀ ਤੇ ਰੁੱਖਾਂ ਦਾ ਨੁਕਸਾਨ ਨਹੀਂ ਹੁੰਦਾ, ਤੀਸਰਾ ਪਰਾਲੀ ਖੇਤ ਵਿਚ ਰਲਣ ਕਾਰਨ ਨਮੀ ਲੰਮਾ ਸਮਾਂ ਬਰਕਰਾਰ ਰਹਿੰਦੀ ਹੈ, ਜੋ ਕਿ ਪੌਦੇ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਉਨਾਂ ਆਸ ਪ੍ਰਗਟਾਈ ਕਿ ਇਸ ਕਣਕ ਦਾ ਝਾੜ ਆਮ ਕਣਕ ਨਾਲੋਂ ਵੱਧ ਰਹੇਗਾ। ਇਸ ਮੌਕੇ ਐਸ ਡੀ ਐਮ ਸ੍ਰੀ ਲਾਲ ਵਿਸਵਾਸ਼, ਏ ਡੀ ਓ ਸ੍ਰੀ ਸੁਖਚੈਨ ਸਿੰਘ, ਬਲਾਕ ਖੇਤੀਬਾੜੀ ਵਿਕਾਸ ਅਫਸਰ ਸ੍ਰੀ ਰਮਨ ਕੁਮਾਰ, ਏ ਡੀ ਓ ਅਮਰਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *