ਵਿਧਾਇਕ, ਡੀ.ਸੀ. ਤੇ ਸੀ.ਈ.ਓ. ਦੀਆਂ ਕੋਸ਼ਿਸ਼ਾਂ ਸਦਕਾ ਛਾਉਣੀ ਬੱਸ ਸਟਾਪ ਤੋਂ ਬੱਸ ਸੇਵਾ ਮੁੜ ਹੋਈ ਸ਼ੁਰੂ

ਪਿਛਲੇ ਲਗਭਗ ਡੇਢ ਸਾਲ ਤੋਂ ਫ਼ਿਰੋਜ਼ਪੁਰ ਛਾਉਣੀ ਬੱਸ ਸਟਾਪ ਤੋਂ ਪੰਜਾਬ ਰੋਡਵੇਜ਼ ਸਮੇਤ ਹੋਰ ਸਰਕਾਰੀ ਬੱਸਾਂ ਦੀ ਆਵਾਜਾਈ ਦੀ ਸੇਵਾ ਜੋ ਕਿ ਬੰਦ ਸੀ, ਉਹ ਅੱਜ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਸੀ.ਈ.ਓ. ਕੈਂਟ ਬੋਰਡ ਸ੍ਰੀ ਜੌਨਸ ਵਿਕਾਸ ਦੀਆਂ ਕੋਸ਼ਿਸ਼ਾਂ ਸਦਕਾ ਮੁੜ ਸ਼ੁਰੂ ਕਰਵਾਈ ਗਈ।

ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਤੋਂ ਚੱਲਣ ਵਾਲੀ ਸਾਰੀਆਂ ਹੀ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਬੱਸ ਸਟਾਪ ਫ਼ਿਰੋਜ਼ਪੁਰ ਛਾਉਣੀ ਤੋਂ ਸਵਾਰੀਆਂ ਲੈ ਕੇ ਆਪਣੇ ਤੈਅ ਰੂਟਾਂ ‘ਤੇ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਬੱਸ ਸਟਾਪ ਫ਼ਿਰੋਜ਼ਪੁਰ ਛਾਉਣੀ ਤੋਂ ਸਵਾਰੀਆਂ ਨੂੰ ਲਿਜਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਆਉਣ ਵਾਲੀਆਂ ਸਾਰੀਆਂ ਬੱਸਾਂ ਫਿਰੋਜ਼ਪੁਰ ਛਾਉਣੀ ਵਿਖੇ ਬੱਸ ਸਟਾਪ ‘ਤੇ ਸਵਾਰੀਆਂ ਉਤਾਰ ਕੇ ਸ਼ੇਰਸ਼ਾਹ ਵਲੀ ਚੌਂਕ ਤੋਂ ਰੇਲਵੇ ਪੁਲ, ਸ਼ਹੀਦ ਭਗਤ ਸਿੰਘ ਸਟੇਡੀਅਮ ਅੱਗੋਂ ਹੁੰਦੀਆਂ ਹੋਈਆਂ ਬਾਗੀ ਰੋਡ ਰਾਹੀਂ ਸ਼ਹਿਰ ਬੱਸ ਅੱਡੇ ਪਹੁੰਚਣਗੀਆਂ ਜਿਸ ਨਾਲ ਸਵਾਰੀਆਂ ਨੂੰ ਆਵਾਜਾਈ ਲਈ ਵਧੀਆ ਸਹੂਲਤ ਮਿਲੇਗੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸ਼ਹਿਰ ਅੱਡੇ ਤੋਂ ਚੱਲ ਕੇ ਬੱਸਾਂ ਬੱਸ ਸਟਾਪ ਫ਼ਿਰੋਜ਼ਪੁਰ ਛਾਉਣੀ ਤੋਂ ਸਵਾਰੀਆਂ ਲੈ ਕੇ ਜਾਣਗੀਆਂ। ਉਨ੍ਹਾਂ ਕਿਹਾ ਕਿ ਆਰ.ਟੀ.ਏ. ਫ਼ਿਰੋਜ਼ਪੁਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਪ੍ਰਾਈਵੇਟ ਬੱਸਾਂ ਦਾ ਵੀ ਬੱਸ ਅੱਡਾ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਖੇ ਸਮਾਂ ਸਾਰਨੀ ਅਨੁਸਾਰ ਆਉਣਾ ਤੇ ਇਥੋਂ ਚੱਲਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ-ਛਾਉਣੀ ਨਵਾਸੀਆਂ ਨੂੰ ਆਵਾਜਾਈ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਹੋਰ ਖ਼ਬਰਾਂ :-  Transfer: ਪੰਜਾਬ ਦੇ 18 IAS ਅਤੇ 2 PCS ਦਾ ਤਬਾਦਲਾ- ਪੜ੍ਹੋਂ ਹੁਕਮਾਂ ਦੀ ਕਾਪੀ

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰੇਕ ਸਰਕਾਰੀ ਬੱਸ ਛਾਉਣੀ ਬੱਸ ਅੱਡੇ ਤੋਂ ਸਵਾਰੀਆਂ ਚੁੱਕ ਅਤੇ ਉਤਾਰ ਕੇ ਜਾਵੇ। ਉਨ੍ਹਾਂ ਕਿਹਾ ਕਿ ਛਾਉਣੀ ਬੱਸ ਅੱਡੇ ‘ਤੇ ਆਉਣ ਵਾਲੀ ਸਰਕਾਰੀ ਬੱਸ ਤੋਂ ਫ਼ੀਸ ਨਹੀਂ ਲਈ ਜਾਵੇਗੀ। ਇਸ ਨਾਲ ਰੋਡਵੇਜ਼ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ ਅਤੇ ਲੋਕਾਂ ਦੀ ਖੱਜਲ ਖੁਆਰੀ ਵੀ ਨਹੀਂ ਹੋਵੇਗੀ।

ਇਸ ਮੌਕੇ ਸੀ.ਈ.ਓ. ਕੈਂਟੋਨਮੈਂਟ ਬੋਰਡ ਜੌਨਸ ਵਿਕਾਸ ਨੇ ਕਿਹਾ ਕਿ ਕਿਸੇ ਵਜ੍ਹਾ ਜਾਂ ਸਰਕਾਰੀ ਕਾਰਵਾਈ ਵਿੱਚ ਦੇਰੀ ਕਾਰਨ ਆਮ ਜਨਤਾ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਵਿਧਾ ਨੂੰ ਵੇਖਦੇ ਹੋਏ ਛਾਉਣੀ ਬੱਸ ਸਟੈਂਡ ਤੋਂ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਛਾਉਣੀ ਬੋਰਡ ਲੋਕਾਂ ਦੀਆਂ ਸੁਵਿਧਾਵਾਂ ਲਈ ਹਮੇਸ਼ਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਦਾ ਰਹੇਗਾ।

ਇਸ ਮੌਕੇ ਐਸ.ਡੀ.ਐਮ. ਫ਼ਿਰੋਜ਼ਪੁਰ ਡਾ. ਚਾਰੂਮਿਤਾ, ਜੀ.ਐਮ. ਰੋਡਵੇਜ਼ ਅਮਿਤ ਅਰੋੜਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *