ਸ੍ਰੀ ਮੁਕਤਸਰ ਸਾਹਿਬ/ਲੰਬੀ, 22 ਮਾਰਚ : ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਬੀਤੇ ਦਿਨੀਂ ਆਪਣੇ ਨਿਵਾਸ ਸਥਾਨ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ, ਜਿਥੇ ਹਲਕੇ ਦੇ ਲੋਕਾਂ ਨਾਲ ਰੋਜ਼ਾਨਾਂ ਦੇ ਘਰੇਲੂ ਕੰਮ ਧੰਦਿਆਂ ਸਬੰਧੀ ਮੁਲਾਕਾਤ ਕੀਤੀ, ਉਥੇ ਉਨ੍ਹਾਂ ਹਲਕੇ ਦੇ ਪਿੰਡ ਮਿੱਠੜੀ ਬੁੱਧਗਿਰ ਦੇ 35 ਲਾਭਪਾਤਰੀਆਂ ਨੂੰ ਰਿਹਾਇਸ਼ ਯੋਜਨਾ ਤਹਿਤ ਚੈੱਕ ਵੰਡੇ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਤੀ ਲਾਭਪਾਤਰੀ ਨੂੰ 1.20 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 35 ਲਾਭਪਾਤਰੀਆਂ ਨੂੰ 42 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਹਨ।
ਇਸ ਮੌਕੇ ਉਨ੍ਹਾਂ ਲਾਭਪਾਤਰੀਆਂ ਨੂੰ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਅਗਲੇ ਇਕ-ਦੋ ਦਿਨਾਂ ਵਿਚ 50,000 ਰੁਪਏ ਦੀ ਪਹਿਲੀ ਕਿਸ਼ਤ ਉਨ੍ਹਾਂ ਦੇ ਖਾਤਿਆਂ ਵਿਚ ਆ ਜਾਵੇਗੀ ਅਤੇ ਬਾਕੀ ਰਕਮ ਵੀ ਬੈਂਕ ਖਾਤਿਆਂ ਵਿਚ ਜਮਾਂ ਕਰ ਦਿੱਤੀ ਜਾਵੇਗੀ। ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਪਰਿਵਾਰ ਨੂੰ ਕੁੱਲ 2.5 ਲੱਖ ਰੁਪਏ ਮਿਲਣਗੇ, ਜਿਸ ਦੀ ਵਰਤੋਂ ਉਨ੍ਹਾਂ ਦੇ ਘਰ ਬਣਾਉਣ ਲਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਰਕਾਰ ਦੇ ਸਥਾਪਿਤ ਨਿਯਮਾਂ ਅਨੁਸਾਰ ਅਰਜ਼ੀ ਦੇਣ ਦੀ ਅਪੀਲ ਕੀਤੀ।
ਪੰਜਾਬ ਸਰਕਾਰ ਦੀ ਯੋਜਨਾ ਦੀ ਪ੍ਰਸੰਸਾ ਕਰਦੇ ਹੋਏ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਯੋਜਨਾ ਗਰੀਬਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਰਾਜ ਸਰਕਾਰ ਦਾ ਮੁੱਖ ਮੰਤਵ ਸਾਰੇ ਗਰੀਬਾਂ ਨੂੰ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।
ਇਸ ਮੌਕੇ ਸੀਨੀਅਰ ਆਗੂ ਸ਼ਿਵਰਾਜ ਸਿੰਘ ਮਿੱਠੜੀ ਬਲਾਕ ਪ੍ਰਧਾਨ, ਸੁਮੀਤ ਮਿਠੜੀ, ਰਮੇਸ਼ ਕੁਮਾਰ, ਵਰਿੰਦਰ ਸਿੰਘ ਪੰਚ, ਅਜਮੇਰ ਸਿੰਘ, ਗੁਰਬਾਜ ਸਿੰਘ ਖੁੱਡੀਆਂ, ਟੋਨੀ ਭੁੱਲਰਵਾਲਾ, ਮੀਡੀਆ ਐਡਵਾਈਜ਼ਰ ਮੋਹਿਤ ਸੋਨੀ ਤੋਂ ਇਲਾਵਾ ਪਾਰਟੀ ਵਰਕਰ ਮੌਜੂਦ ਸਨ।