ਸੈਰ-ਸਪਾਟਾ ਖੇਤਰ ਦੇ ਦਿੱਗਜ਼ਾਂ ਅਤੇ ਸਿਰਕੱਢ ਹਸਤੀਆਂ ਵੱਲੋਂ ਟੂਰਿਜ਼ਮ ਸਮਿਟ ਕਰਵਾਉਣ ਦੇ ਨਿਵੇਕਲੇ ਉਪਰਾਲੇ ਲਈ ਸੂਬਾ ਸਰਕਾਰ ਦੀ ਭਰਵੀਂ ਸ਼ਲਾਘਾ

ਸੈਰ-ਸਪਾਟਾ ਖੇਤਰ ਦੇ ਦਿੱਗਜ਼ਾਂ ਅਤੇ ਨਾਮਵਰ ਸ਼ਖਸੀਅਤਾਂ ਨੇ ਪੰਜਾਬ ਵਿੱਚ ਪਹਿਲੀ ਵਾਰ ‘ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ’ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਨਿਵੇਕਲੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।


ਇੱਥੇ ਐਮਿਟੀ ਯੂਨਿਵਰਸਿਟੀ ਵਿਖੇ ਕਰਵਾਏ ਇਸ ਸੰਮੇਲਨ ਦੌਰਾਨ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ ਜਾ ਰਹੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਦੀ ਪ੍ਰਸੰਸਾ ਕੀਤੀ। ਕਪਿਲ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਸੰਮੇਲਨ ਕਰਵਾਉਣ ਦਾ ਫੈਸਲਾ ਬਹੁਤ ਸ਼ਲਾਘਾਯੋਗ ਹੈ ਕਿਉਂ ਜੋ ਇਸ ਨਾਲ ਸੂਬੇ ਵਿਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੇ ਨਕਸ਼ੇ ਉਤੇ ਉਭਾਰਨ ਵਿੱਚ ਸਹਾਈ ਸਿੱਧ ਹੋਵੇਗਾ।


ਕਪਿਲ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਕਦਮ ਸਾਡੀਆਂ ਨੌਜਵਾਨਾਂ ਵਿੱਚ ਸੂਬੇ ਦੇ ਗੌਰਵਮਈ ਵਿਰਸੇ ਤੇ ਇਤਿਹਾਸ ਦਾ ਪਾਸਾਰ ਕਰਨ ਵਿਚ ਮਦਦਗਾਰ ਹੋਵੇਗਾ। ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪ੍ਰਸਿੱਧ ਕਾਮੇਡੀਅਨ ਨੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਵੀ ਕੀਤੀ।


ਉੱਘੇ ਫਿਲਮਕਾਰ ਬੌਬੀ ਬੇਦੀ ਨੇ ਕਿਹਾ ਕਿ ਮਨੋਰੰਜਨ ਜਗਤ ਨਾਲ ਪੰਜਾਬ ਦਾ ਗੂੜਾ ਨਾਤਾ ਹੈ ਕਿਉਂ ਜੋ ਨਾਮੀ ਫਿਲਮਕਾਰ, ਅਦਾਕਾਰ ਅਤੇ ਹੋਰ ਫਿਲਮੀ ਹਸਤੀਆਂ ਇਸ ਸੂਬੇ ਵਿੱਚ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਦੇਸ਼ ਵਿਚ ਖੂਬਸੂਰਤ ਥਾਵਾਂ ਦੀ ਧਰਤੀ ਹੈ ਜਿਸ ਕਰਕੇ ਇਸ ਦੀ ਭੂਗੋਲਿਕ ਸੁੰਦਰਤਾ ਫਿਲਮਕਾਰਾਂ ਨੂੰ ਆਕਰਸ਼ਿਤ ਕਰਦੀ ਹੈ। ਸ੍ਰੀ ਬੇਦੀ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਸੂਬੇ ਨੂੰ ਸੈਰ-ਸਪਾਟਾ ਖੇਤਰ ਵਿਚ ਉਭਾਰਨ ਵਿੱਚ ਸਹਾਈ ਹੋਵੇਗਾ।

ਹੋਰ ਖ਼ਬਰਾਂ :-  ਗੁਰਬਖਸ਼ ਸਿੰਘ ਤੇ ਉਸਦਾ ਭਤੀਜਾ ਗੁਰਮੀਤ ਸਿੰਘ ਪਰਾਲੀ ਨੂੰ ਜਲਾਏ ਬਿਨ੍ਹਾਂ ਕਰ ਰਹੇ 165 ਏਕੜ ਦੀ ਖੇਤੀ


ਪ੍ਰਸਿੱਧ ਕਾਮੇਡੀਅਨ ਸੁਨੀਲ ਪੌਲ ਨੇ ਕਿਹਾ ਕਿ ਉਹ ਇਸ ਪਵਿੱਤਰ ਧਰਤੀ ਉਤੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ-ਆਪ ਨੂੰ ਸੁਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸੂਬੇ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰ ਕੇ ਹੋਰ ਮੁਲਕਾਂ ਦੇ ਲੋਕਾਂ ਨੂੰ ਪੰਜਾਬ ਲਿਆਉਣ ਲਈ ਪੁੱਠਾ ਗੇੜ ਸ਼ੁਰੂ ਕੀਤਾ ਹੈ।


ਆਈ.ਟੀ.ਸੀ. ਦੇ ਐਮ.ਡੀ. ਸਮੀਰ ਐਮ.ਸੀ. ਨੇ ਸੂਬੇ ਦੀ ਕਿਸਮਤ ਬਦਲਣ ਲਈ ਕਰਵਾਏ ਇਸ ਸ਼ਾਨਦਾਰ ਸਮਾਗਮ ਲਈ ਸੱਦਣ ਉਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਰਾਜ ਹੈ, ਜਿਸ ਕੋਲ ਸੈਰ-ਸਪਾਟਾ ਸਥਾਨ ਵਜੋਂ ਸਫ਼ਲ ਹੋਣ ਲਈ ਸਾਰੀਆਂ ਖੂਬੀਆਂ ਮੌਜੂਦ ਹਨ। ਉਨ੍ਹਾਂ ਨੇ ਪੰਜਾਬ ਨੂੰ ਆਲਮੀ ਸੈਰ-ਸਪਾਟਾ ਸਥਾਨ ਵਜੋਂ ਉਭਾਰਨ ਲਈ ਅਣਥੱਕ ਕੋਸ਼ਿਸ਼ਾਂ ਕਰਨ ਉਤੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।


ਰਾਮੂਜੀ ਫਿਲਮ ਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਈ.ਵੀ. ਰਾਓ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਮਾਗਮ ਕਰਵਾ ਕੇ ਬਹੁਤ ਵਧੀਆ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਵਚਨਬੱਧਤਾ ਤਹਿਤ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸੂਬੇ ਦੇ ਇਕ ਉੱਚ ਪੱਧਰੀ ਵਫ਼ਦ ਨੇ ਹੈਦਰਾਬਾਦ ਵਿੱਚ ਇਸ ਸਟੂਡੀਓ ਦਾ ਦੌਰਾ ਕੀਤਾ ਸੀ। ਈ.ਵੀ. ਰਾਓ ਨੇ ਕਿਹਾ ਕਿ ਪੰਜਾਬੀਆਂ ਨੂੰ ਇਮਾਨਦਾਰੀ, ਬਹਾਦਰੀ ਤੇ ਮਹਿਮਾਨਨਿਵਾਜ਼ੀ ਦੇ ਨਾਲ-ਨਾਲ ਦੁਨੀਆ ਭਰ ਵਿੱਚ ਆਪਣੀ ਦਿਆਨਤਦਾਰੀ ਲਈ ਵੀ ਜਾਣਿਆ ਜਾਂਦਾ ਹੈ।

Leave a Reply

Your email address will not be published. Required fields are marked *