ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ‘ਚ ਕੀਤਾ ਚੋਣ ਪ੍ਰਚਾਰ, ਕਿਹਾ – ਇਸ਼ਾਂਕ ਨੂੰ ਜਿੱਤਾ ਦਿਓ, ਤੁਹਾਡਾ ਜਿਹੜਾ ਵੀ ਕੰਮ ਮੇਰੇ ਕੋਲ ਲੈ ਕੇ ਆਵੇਗਾ ਮੈਂ ਪਾਸ ਕਰਾਂਗਾ

ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਇਸ਼ਾਂਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਨੌਜਵਾਨ ਉਮੀਦਵਾਰ ਹੈ। ਉਹ ਇੱਥੋਂ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੈ। ਤੁਸੀਂ ਇਸ਼ਾਂਕ ਨੂੰ ਜਿੱਤਾ ਦਿਉ, ਤੁਹਾਡਾ ਜਿਹੜਾ ਵੀ ਕੱਮ ਮੇਰੇ ਕੋਲ ਲੈਕੇ ਆਵੇਗਾ, ਮੈਂ ਤੁਰੰਤ ਦਸਤਖਤ ਕਰਕੇ ਪਾਸ ਕਰਾਂਗਾ।

ਮੀਟਿੰਗ ਵਿੱਚ ਆਈਆਂ ਔਰਤਾਂ ਨੂੰ ਦੇਖ ਮੁੱਖ ਮੰਤਰੀ ਨੇ ਕਿਹਾ ਕਿ ਮਾਵਾਂ-ਭੈਣਾਂ ਸਿਰਫ਼ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਇਸ ਲਈ ਆਉਂਦੀਆਂ ਹਨ ਕਿਉਂਕਿ ਉਹ ਜਾਣਦੀਆਂ ਹਨ ਕਿ ਸਿਰਫ਼ ਸਾਡੀ ਸਰਕਾਰ ਹੀ ਉਨ੍ਹਾਂ ਦੇ ਚੁੱਲ੍ਹੇ ਦੀ ਸੰਭਾਲ ਕਰ ਸਕਦੀ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮੇਰਾ ਅਗਲਾ ਮਿਸ਼ਨ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਸੀਂ ਵਿਧਾਨ ਸਭਾ ‘ਚ ਇਕ ਇਤਿਹਾਸਕ ਕਾਨੂੰਨ ਪਾਸ ਕੀਤਾ ਹੈ, ਜਿਸ ਤਹਿਤ ਹੁਣ ਲੜਕੀਆਂ ਵੀ ਫਾਇਰ ਬ੍ਰਿਗੇਡ ‘ਚ ਭਰਤੀ ਹੋ ਸਕਣਗੀਆਂ। ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਕਾਂਗਰਸ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਹ ਕੁਰਸੀ ਲਈ ਲੜਦੇ ਹਨ, ਅਸੀਂ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਲੜਦੇ ਹਾਂ।  ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ, ਅਸੀਂ ਚੰਗੇ ਸਕੂਲ ਅਤੇ ਹਸਪਤਾਲ ਬਣਾ ਰਹੇ ਹਾਂ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਿਆ। ਸੜਕਾਂ ‘ਤੇ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ, ਅਸੀਂ ‘ਸੜਕ ਸੁਰੱਖਿਆ ਫੋਰਸ’ ਬਣਾਈ ਹੈ ਅਤੇ ਇਸ ਨੂੰ ‘ਨਵੀਨਤਮ ਵਿਸ਼ੇਸ਼ਤਾਵਾਂ’ ਵਾਲੇ ਵਾਹਨ ਦਿੱਤੇ ਹਨ। ਇਸ ਕਾਰਨ ਪਿਛਲੇ ਛੇ ਮਹੀਨਿਆਂ ਵਿੱਚ ਮੌਤਾਂ ਵਿੱਚ 45 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਅਸੀਂ ਪਿਛਲੇ ਢਾਈ ਸਾਲਾਂ ਵਿੱਚ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਰਜਿਸਟਰੀਆਂ ਵਿਚ ਐਨ.ਓ.ਸੀ. ਖਤਮ ਕੀਤੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਡੀ ਸਰਕਾਰ ਨੇ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰਕੇ ਰਜਿਸਟਰੀਆਂ ਤੋਂ ਐਨ.ਓ.ਸੀ. ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ।  ਜਦੋਂਕਿ ਕਾਂਗਰਸ-ਅਕਾਲੀ ਸਰਕਾਰ ਨੇ ਬਿਲਡਰਾਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਾਲੋਨੀਆਂ ਬਣਾਈਆਂ ਹਨ। ਉਨ੍ਹਾਂ ਨੇ ਪੈਸਾ ਕਮਾਉਣ ਲਈ ਬਿਲਡਰਾਂ ਦਾ ਸਾਥ ਦਿੱਤਾ, ਜਦੋਂ ਕਿ ਅਸੀਂ ਤੁਹਾਡੀ ਸਮੱਸਿਆ ਦੇ ਹੱਲ ਲਈ ਤੁਹਾਡੇ ਨਾਲ ਖੜ੍ਹੇ ਹਾਂ।

ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਦਿੱਲੀ ਅਤੇ ਪੰਜਾਬ ‘ਚ ਇਸਲਈ ਇੰਨਾ ਕੰਮ ਕਰ ਸਕੀ ਕਿਉਂਕਿ ਸਾਡਾ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਰਾਦੇ ਸਾਫ਼ ਹਨ। ਇਸ ਲਈ, ਦਿੱਲੀ ਵਾਂਗ, ਇੱਥੇ ਵੀ ਅਸੀਂ ਆਮ ਆਦਮੀ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਖੋਲ੍ਹੇ। ਅਸੀਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਹਾਂ। ਸਾਨੂੰ ਢਾਬਿਆਂ, ਰੇਤੇ ਅਤੇ ਬੱਸਾਂ ਵਿੱਚ ਹਿੱਸਾ ਨਹੀਂ ਚਾਹੀਦਾ। ਸਾਨੂੰ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਹੈ।

ਹੋਰ ਖ਼ਬਰਾਂ :-  'ਆਪ ਦੀ ਸਰਕਾਰ, ਆਪ ਦੇ ਦੁਆਰ' - ਮੁਹਿੰਮ ਤਹਿਤ ਵਾਰਡ ਨੰਬਰ 1 'ਚ ਲੱਗੇ ਵਿਸ਼ੇਸ਼ ਕੈਂਪ ਦਾ ਵਸਨੀਕਾਂ ਨੇ ਲਿਆ ਭਰਪੂਰ ਲਾਹਾ - ਵਿਧਾਇਕ ਚੋਧਰੀ ਮਦਨ ਲਾਲ ਬੱਗਾ

ਅਕਾਲੀ ਦਲ ਬਾਦਲ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ 25 ਸਾਲ ਰਾਜ ਕਰਨ ਦੀ ਗੱਲ ਕਹਿਣ ਵਾਲਿਆਂ ਨੂੰ ਅੱਜ ਚਾਰ ਉਮੀਦਵਾਰ ਨਹੀਂ ਮਿਲੇ। ਉਨ੍ਹਾਂ ਨੇ ਸਿਆਸੀ ਲਾਹੇ ਲਈ ਗੁਰਬਾਣੀ ਅਤੇ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ਿਆ। ਅਕਾਲੀ ਦਲ ਦੇ ਲੋਕ ਸੁਖਬੀਰ ਬਾਦਲ ਨੂੰ ਜਰਨੈਲ ਕਹਿ ਰਹੇ ਹਨ, ਪਰ ਉਹ ਦਸਣ,  ਸੁਖਬੀਰ ਬਾਦਲ ਨੇ ਕਿਹੜੀ ਜੰਗ ਲੜੀ ਹੈ, ਸੁਖਬੀਰ ਬਾਦਲ ਨੇ ਤਾਂ ਪੰਜਾਬ ਦਾ ਸਿਰਫ਼ ਵੇੜਾਗਰਕ ਕੀਤਾ ਹੈ। ਉਨ੍ਹਾਂ ਨੇ ਪੰਜਾਬ ਅਤੇ ਅਕਾਲੀ ਦਲ ਦੋਵਾਂ ਨੂੰ ਨੁਕਸਾਨ ਪਹੁੰਚਾਇਆ। ਅਕਾਲੀ ਦਲ ਵਾਲੇ ਸੁਖਬੀਰ ਬਾਦਲ ਤੋਂ ਬਿਨਾਂ ਚੋਣ ਲੜ ਲੈਂਦੇ ਤਾਂ ਇਸ ਨੂੰ ਵੱਧ ਵੋਟਾਂ ਪੈ ਜਾਂਦੀ।

ਮਾਲਪੁਰ ਸਟੇਡੀਅਮ ਬਾਰੇ ਮਾਨ ਨੇ ਕਿਹਾ ਕਿ ਇੰਡੀਅਨ ਸੁਪਰ ਲੀਗ ਵਾਲੇ ਮਾਲਪੁਰ ਸਟੇਡੀਅਮ ਦੇਣ ਲਈ ਕਹਿ ਰਹੇ ਹਨ। ਉਹ ਕਹਿ ਰਹੇ ਹਨ ਕਿ ਅਸੀਂ ਸਟੇਡੀਅਮ ਦੀ ਕਾਇਆ ਕਲਪ ਕਰਾਂਗੇ ਅਤੇ ਸਥਾਨਕ ਖਿਡਾਰੀਆਂ ਨੂੰ ਸਿਖਲਾਈ ਵੀ ਦੇਵਾਂਗੇ।  ਅਸੀਂ ਫੈਸਲਾ ਕੀਤਾ ਹੈ ਕਿ ਜੋ ਵੀ ਪੈਸਾ ਮਿਲੇਗਾ ਉਹ ਮਾਲਪੁਰ ਵਿੱਚ ਲਗਾਇਆ ਜਾਵੇਗਾ।

ਜੋ ਕੰਮ ਪੰਜਾਬ ਦੇ ਇਤਿਹਾਸ ਵਿੱਚ ਨਹੀਂ ਹੋਇਆ ਉਹ ਮਾਨ ਸਰਕਾਰ ਨੇ ਕੀਤਾ – ਡਾ. ਰਾਜਕੁਮਾਰ ਚੱਬੇਵਾਲ

ਹੁਸ਼ਿਆਰਪੁਰ ਤੋਂ ‘ਆਪ’ ਦੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਜੋ ਕੰਮ ਪੰਜਾਬ ਦੇ ਇਤਿਹਾਸ ਵਿੱਚ ਨਹੀਂ ਹੋਇਆ, ਉਹ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਮੁਫਤ ਬਿਜਲੀ ਇੱਕ ਸੁਪਨੇ ਵਰਗੀ ਸੀ, ਪਰ ਅੱਜ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਅਤੇ ਬਿਨਾਂ ਕੱਟ ਤੋਂ ਬਿਜਲੀ ਮਿਲ ਰਹੀ ਹੈ।

‘ਆਪ’ ਭਗਤ ਸਿੰਘ ਅਤੇ ਅੰਬੇਡਕਰ ਦੀ ਸੋਚ ਵਾਲੀ ਪਾਰਟੀ ਹੈ, ਇਸ ਦਾ ਉਮੀਦਵਾਰ ਬਣ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ – ਇਸ਼ਾਂਕ ਚੱਬੇਵਾਲ

‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਭਗਤ ਸਿੰਘ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਸਮਰਪਿਤ ਪਾਰਟੀ ਹੈ। ਮੈਂ ਇਸ ਪਾਰਟੀ ਦਾ ਉਮੀਦਵਾਰ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ।

ਮੁੱਖ ਮੰਤਰੀ ਭਗਵੰਤ ਮਾਨ ਦੀ ਬਦੌਲਤ ਅੱਜ ਚੱਬੇਵਾਲ ਵਿੱਚ ਕਾਫੀ ਕੰਮ ਹੋ ਰਹੇ ਹਨ। ਇਸ ਵੇਲੇ 70 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਕਈ ਪੂਰੇ ਹੋ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਗੁਰੂ ਘਰ ਦੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਉੱਚਾ ਕੀਤਾ ਜਾਵੇ। ਕਈ ਇਲਾਕਿਆਂ ਵਿਚ ਹੜ੍ਹ ਦੀ ਸਮੱਸਿਆ ਹੈ, ਉਥੇ ਪੁਲ ਬਣਾਏ ਜਾਣੇ ਚਾਹੀਦੇ ਹਨ।  ਇਸ ਖੇਤਰ ਵਿੱਚ ਪੋਲੀਟੈਕਨਿਕ ਅਤੇ ਆਈਟੀਆਈ ਕਾਲਜ ਦੀ ਬਹੁਤ ਲੋੜ ਹੈ, ਇਸ ਨੂੰ ਬਣਾਇਆ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *