ਪ੍ਰੋਜੈਕਟ ‘ਰੌਸ਼ਨੀ’ ਨਾਲ ਬੱਚਿਆਂ ਨੂੰ ਮਿਲੀ ਨਵੀਂ ਦ੍ਰਿਸ਼ਟੀ

ਹੁਸ਼ਿਆਰਪੁਰ, 22 ਫਰਵਰੀ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੇ ਸਿਹਤ ਅਤੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਚਲਾਏ ਜਾ ਰਹੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.) ਲੁਧਿਆਣਾ ਵੱਲੋਂ ਚਲਾਏ ਜਾ ਰਹੇ ‘ਪ੍ਰੋਜੈਕਟ ਰੌਸ਼ਨੀ‘ ਦੇ ਅਧੀਨ ਅਤੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ.ਬੀ.ਐਸ.ਕੇ.) ਤਹਿਤ ਫਰਵਰੀ ਦੇ ਪਹਿਲੇ ਹਫਤੇ ਵਿਸ਼ੇਸ਼ ਜਾਂਚ ਕੈਂਪ ਆਯੋਜਿਤ ਕੀਤਾ ਗਿਆ ਸੀ, ਜਿਸ ਨਾਲ ਹਜ਼ਾਰਾਂ ਬੱਚਿਆਂ ਨੂੰ ਲਾਭ ਮਿਲਿਆ।

ਡੀ.ਐਮ.ਸੀ. ਲੁਧਿਆਣਾ ਦੀ ਡਾ. ਪ੍ਰਿਅੰਕਾ ਅਰੋੜਾ ਅਨੁਸਾਰ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ 15 ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਸਿਹਤ ਜਾਂਚ ਕੀਤੀ ਗਈ ਅਤੇ ਕੁੱਲ 3,402 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਸਰਕਾਰੀ ਸਕੂਲਾਂ ਦੀ ਰਿਪੋਰਟ ਆਰ.ਬੀ.ਐਸ.ਕੇ. ਟੀਮ ਨਾਲ ਸਾਂਝੀ ਕਰ ਦਿੱਤੀ ਗਈ ਹੈ, ਜਦਕਿ ਜਿਨ੍ਹਾਂ ਬੱਚਿਆਂ ਨੂੰ ਚਸ਼ਮੇ ਦੀ ਲੋੜ ਹੈ, ਉਨ੍ਹਾਂ ਨੂੰ ਰਾਸ਼ਟਰੀ ਅੰਨ੍ਹਾਪਣ ਕੰਟਰੋਲ ਪ੍ਰੋਗਰਾਮ (ਏ.ਪੀ.ਸੀ.ਬੀ.) ਅਧੀਨ ਮੁਫਤ ਚਸ਼ਮੇ ਮੁਹੱਈਆ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੁਝ ਬੱਚਿਆਂ ਵਿੱਚ ਦ੍ਰਿਸ਼ਟੀ ਕਮਜ਼ੋਰੀ ਪਾਈ ਗਈ, ਜਿਨ੍ਹਾਂ ਨੂੰ ਮੌਕੇ ‘ਤੇ ਹੀ ਚਸ਼ਮੇ ਦਿੱਤੇ ਗਏ, ਜਦਕਿ ਗੰਭੀਰ ਸਮੱਸਿਆਵਾਂ ਵਾਲੇ ਬੱਚਿਆਂ ਨੂੰ ਅੱਗੇ ਇਲਾਜ ਅਤੇ ਸਰਜਰੀ ਦੀ ਸਲਾਹ ਦਿੱਤੀ ਗਈ। ਇਸੇ ਲੜੀ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਬੱਚਿਆਂ ਵਿੱਚ ਅੱਖਾਂ ਦੇ ਟੇਢ਼ੇਪਣ (ਸਕਵਿੰਟ) ਦੀ ਸਮੱਸਿਆ ਪਾਈ ਗਈ ਸੀ। ਇਨ੍ਹਾਂ ਦੋਵਾਂ ਬੱਚਿਆਂ ਦਾ ਸਫਲ ਅਪ੍ਰੇਸ਼ਨ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿੱਚ ਕੀਤਾ ਗਿਆ। ਇਨ੍ਹਾਂ ਵਿੱਚ ਇੱਕ ਬੱਚੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀ ਕਲਾਂ ਦੀ ਅਤੇ ਇੱਕ ਬੱਚਾ ਐਸ.ਏ.ਵੀ. ਜੈਨ ਡੇ ਬੋਰਡਿੰਗ ਸਕੂਲ, ਹੁਸ਼ਿਆਰਪੁਰ ਦਾ ਵਿਦਿਆਰਥੀ ਹੈ। ਦੋਵੇਂ ਸਰਜਰੀਆਂ ਸਫਲ ਰਹੀਆਂ ਅਤੇ ਬੱਚਿਆਂ ਦੀ ਦ੍ਰਿਸ਼ਟੀ ਵਿੱਚ ਵਧੀਆ ਸੁਧਾਰ ਦਰਜ ਕੀਤਾ ਗਿਆ।

ਹੋਰ ਖ਼ਬਰਾਂ :-  ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ 10ਵੀਂ ਜਮਾਤ 'ਚ ਚੋਟੀ ਦਾ ਦਰਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਉਨ੍ਹਾਂ ਕਿਹਾ ਕਿ ਇਹ ਸਾਰੀ ਡਾਕਟਰੀ ਪ੍ਰਕਿਰਿਆ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੂਰੀ ਤਰ੍ਹਾਂ ਮੁਫ਼ਤ ਸੀ, ਜਿਸ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰੋਜੈਕਟ ਰੌਸ਼ਨੀ ਅਧੀਨ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਤਾਂ ਜੋ ਸ਼ੁਰੂਆਤੀ ਪੜਾਅ ‘ਤੇ ਦ੍ਰਿਸ਼ਟੀ ਸੰਬੰਧੀ ਸਮੱਸਿਆਵਾਂ ਦੀ ਪਛਾਣ ਕਰਕੇ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਪ੍ਰਸ਼ੰਸਾਯੋਗ ਕੰਮ ਲਈ ਡੀ.ਐਮ.ਸੀ. ਲੁਧਿਆਣਾ ਦੀ ਮਾਹਰ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਸਮਾਜ ਦੇ ਕਮਜ਼ੋਰ ਵਰਗਾਂ ਲਈ ਵਰਦਾਨ ਸਾਬਤ ਹੁੰਦੀਆਂ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਉਨ੍ਹਾਂ ਦੀ ਟੀਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੈਂਪ ਦੇ ਆਯੋਜਨ, ਬੱਚਿਆਂ ਦੀ ਪਛਾਣ, ਮਾਪਿਆਂ ਨਾਲ ਸੰਪਰਕ ਅਤੇ ਇਲਾਜ ਪ੍ਰਕਿਰਿਆ ਦੇ ਤਾਲਮੇਲ ਵਿੱਚ ਰੈਡ ਕਰਾਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਰੈਡ ਕਰਾਸ ਸੋਸਾਇਟੀ ਅਤੇ ਡੀ.ਐਮ.ਸੀ. ਲੁਧਿਆਣਾ ਦੇ ਸੰਯੁਕਤ ਯਤਨਾਂ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਬੱਚਾ ਇਲਾਜ ਦੇ ਅਭਾਵ ਵਿੱਚ ਆਪਣੀ ਦ੍ਰਿਸ਼ਟੀ ਨਾ ਗੁਆਏ। ਅਜਿਹੇ ਯਤਨ ਨਾ ਸਿਰਫ ਬੱਚਿਆਂ ਦੀ ਸਿਹਤ ਦੀ ਰੱਖਿਆ ਕਰਦੇ ਹਨ ਬਲਕਿ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਨੀਂਹ ਵੀ ਮਜ਼ਬੂਤ ਕਰਦੇ ਹਨ।

Leave a Reply

Your email address will not be published. Required fields are marked *