ਰਾਜਪਾਲ ਦਾ ਭਾਸ਼ਣ ਰੋਕਣ ਦਾ ਯਤਨ ਕਰਕੇ ਕਾਂਗਰਸ ਨੇ ਪਵਿੱਤਰ ਸਦਨ ਦੀ ਤੌਹੀਨ ਕੀਤੀ: ਹਰਪਾਲ ਸਿੰਘ ਚੀਮਾ

Congress insults August House by trying to obstruct Governor's speech: Harpal Singh Cheema

ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜ਼ਟ ਸੈਸ਼ਨ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਾਸ਼ਣ ਦੇਣ ਮੌਕੇ ਕਾਂਗਰਸੀ ਪਾਰਟੀ ਵੱਲੋਂ ਰੁਕਾਵਟ ਪਾਉਣ ਦੇ ਯਤਨਾਂ ਦੀ ਸਖ਼ਤ ਆਲੋਚਨਾ ਕਰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਜਿਹਾ ਕਰਕੇ ਪਵਿੱਤਰ ਸਦਨ ਦੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਵੱਲੋਂ ਆਪਣੇ ਭਾਸ਼ਣ ਦੌਰਾਨ ਸੂਬਾ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਜਾਂਦਾ ਹੈ ਅਤੇ ਕਾਂਗਰਸ ਪਾਰਟੀ ਇਸ ਗੱਲ ਤੋਂ ਘਬਰਾ ਗਈ ਕਿ ਇਨਾਂ ਪ੍ਰਾਪਤੀਆਂ ਦੀ ਜਾਣਕਾਰੀ ਸਦਨ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਰਾਹੀਂ ਕਿਤੇ ਲੋਕਾਂ ਤੱਕ ਨਾ ਪਹੁੰਚ ਜਾਵੇ।

ਵਿਧਾਨ ਸਭਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿਤ ਵਿੱਚ ਕਾਂਗਰਸ ਪਾਰਟੀ ਨੂੰ ਚਾਹੀਦਾ ਤਾਂ ਇਹ ਸੀ ਕਿ ਇਹ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨੂੰ ਧਿਆਨ ਨਾਲ ਸੁਣਦੀ ਅਤੇ 4 ਮਾਰਚ ਨੂੰ ਇਸ ਭਾਸ਼ਣ ਤੇ ਹੋਣ ਵਾਲੀ ਬਹਿਸ ਦੌਰਾਨ ਸਰਕਾਰ ਨੂੰ ਸਵਾਲ ਕਰਦੀ ਅਤੇ ਆਪਣੇ ਸੁਝਾਅ ਵੀ ਪੇਸ਼ ਕਰਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਮੇਸ਼ਾਂ ਸਾਰਥਕ ਸੁਝਾਵਾਂ ਨੂੰ ਅਪਣਾਉਂਦੀ ਹੈ।

ਕਾਂਗਰਸ ਪਾਰਟੀ ਨੂੰ ਸਿਰਫ ਸਸਤੀ ਸ਼ੌਹਰਤ ਲਈ ਸਦਨ ਦਾ ਅਪਮਾਨ ਕਰਨ ਲਈ ਕਰੜੇ ਹੱਥੀ ਲੈਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਅਤੇ ਨਿਯਮਾਂ ਅਨੁਸਾਰ ਬਜ਼ਟ ਸੈਸ਼ਨ ਦੀ ਕਾਰਵਾਈ ਹਮੇਸ਼ਾਂ ਸੂਬੇ ਦੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰੰਤ ਅਕਾਲ ਚਲਾਣਾ ਕਰ ਗਈਆਂ ਨਾਮਵਰ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਧਾਂਜਲੀਆਂ ਦੌਰਾਨ ਹੀ ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨ ਸ਼ੁੱਭਕਰਨ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਇਹ ਕਾਂਗਰਸ ਪਾਰਟੀ ਇਸੇ ਵਿਧਾਨ ਸਭਾ ਅੰਦਰ ਰਾਤਾਂ ਨੂੰ ਜਾਗ ਕੇ ਰੋਸ ਪ੍ਰਦਰਸ਼ਨ ਕਰਦੀ ਹੁੰਦੀ ਸੀ ਕਿ ਸੈਸ਼ਨ ਲੰਬੇ ਸਮੇਂ ਤੱਕ ਚੱਲਣਾ ਚਾਹੀਦਾ ਹੈ, ਨੇ ਅੱਜ ਸਿਰਫ ਸਸਤੀ ਸ਼ੌਹਰਤ ਲਈ ਲੋਕਤੰਤਰ ਦਾ ਅਪਮਾਨ ਕੀਤਾ।

ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਦਾ ਜਿਕਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਕੀ ਉਸ ਵੇਲੇ ਦੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਹੁਣ ਭਾਜਪਾ ਵਿੱਚ ਚਲੇ ਗਏ ਹਨ, ਨੇ ਕਦੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਨੂੰ ਕੋਈ ਪੱਤਰ ਲਿਖਿਆ ਸੀ? ਉਨ੍ਹਾਂ ਕਿਹਾ ਕਿ ਜਦੋਂ ਇੰਨ੍ਹਾਂ ਕਾਲੇ ਕਾਨੂੰਨਾਂ ਬਾਰੇ ਨੀਤੀ ਬਣ ਰਹੀ ਸੀ ਤਾਂ ਉਸ ਸਮੇਂ ਦੇ ਪੰਜਾਬ ਦੇ ਵਿਤ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਹਾਜਰੀ ਭਰ ਕੇ ਭਾਜਪਾ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀ ਹਾਮੀ ਭਰੀ ਸੀ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਇਸ ਦੀ ਦਿੱਲੀ ਸਰਕਾਰ ਸੰਘਰਸ਼ ਦੌਰਾਨ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ।

ਹੋਰ ਖ਼ਬਰਾਂ :-  ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿਖੇ ਬਾਇਓ ਫਰਟੀਲਾਈਜ਼ਰ ਪਰਖ ਪ੍ਰਯੋਗਸ਼ਾਲਾ ਦਾ ਰੱਖਿਆ ਨੀਂਹ ਪੱਥਰ

ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਹਿਲਾਂ ਵੀ ਕਿਸਾਨਾਂ ਨਾਲ ਸੀ, ਹੁਣ ਵੀ ਹੈ ਅਤੇ ਭਵਿੱਖ ਵਿੱਚ ਵੀ ਰਹੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਸ਼ੁੱਭਕਰਨ ਸਿੰਘ ਦੇ ਪਰਿਵਾਰ ਦੀ ਸਹਾਇਤਾ ਲਈ 1 ਕਰੋੜ ਰੁਪਏ ਦੀ ਸਹਾਇਤਾ ਅਤੇ ਉਸ ਦੀਆਂ ਭੈਣਾਂ ਦੀ ਭਵਿੱਖ ਵਿੱਚ ਵੀ ਹਰ ਸੰਭਵ ਸਹਾਇਤਾ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿੱਤ ਮੰਤਰੀ ਨੇ ਮੁੜ ਦੁਹਰਾਇਆ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਰਾਜਪਾਲ ਦੇ ਭਾਸ਼ਣ ਵਿੱਚ ਸਿਰਫ ਇਸ ਲਈ ਰੁਕਾਵਟ ਪਾਈ ਗਈ ਕਿਉਂਕਿ ਇਸ ਦੌਰਾਨ ਉਨ੍ਹਾਂ ਪੰਜਾਬ ਦੀ ਨਵੀਂ ਖੇਡ ਨੀਤੀ, ਖਿਡਾਰੀਆਂ ਨੂੰ ਨੌਕਰੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਪਰਾਲੇ, ਜੀ.ਵੀ.ਕੇ ਵਰਗੇ ਨਿੱਜੀ ਕੰਪਨੀ ਦੇ ਬਿਜਲੀ ਤਾਪ ਘਰ ਦੀ ਪੰਜਾਬ ਸਰਕਾਰ ਦੁਆਰਾ ਖਰੀਦ, ਸਿੱਖਿਆ ਕ੍ਰਾਂਤੀ ਤਹਿਤ ਸਕੂਲ ਆਫ਼ ਐਮੀਨੈਂਸ ਦਾ ਨਿਰਮਾਣ, ਆਮ ਆਦਮੀ ਕਲੀਨਿਕਾਂ ਰਾਹੀਂ 1 ਕਰੋੜ ਤੋਂ ਵੱਧ ਲੋਕਾਂ ਦਾ ਇਲਾਜ, ਘਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ, 12000 ਅਧਿਆਪਕਾਂ ਦੀ ਤਨਖ਼ਾਹ 25000 ਰੁਪਏ ਤੈਅ ਕੀਤੀ ਗਈ ਜੋ ਪਹਿਲਾਂ ਘੱਟ ਤਨਖ਼ਾਹਾਂ ‘ਤੇ ਕੱਚੇ ਅਧਿਆਪਕਾਂ ਵਜੋਂ ਕੰਮ ਕਰ ਰਹੇ ਸਨ, ਵਿਦੇਸ਼ਾਂ ਤੋਂ ਨੌਜਵਾਨਾਂ ਦੀ ਵਤਨ ਵਾਪਸੀ, 42000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਟੇਲਾਂ ਤੱਕ ਪਾਣੀ ਪਹੁੰਚਾਉਣ ਆਦਿ ਦਾ ਜਿਕਰ ਕਰਨਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਗਿਨਾਉਣ ਲਈ ਆਪਣੇ ਬੀਤੇ ਪੰਜ ਸਾਲਾਂ ਦੇ ਕਾਰਜ਼ਕਾਲ ਦੀ ਇੱਕ ਵੀ ਪ੍ਰਾਪਤੀ ਨਹੀਂ ਹੈ ਇਸ ਲਈ ਇਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਬਰਦਾਸ਼ਤ ਨਹੀਂ ਕਰ ਸਕੀ।

dailytweetnews.com

Leave a Reply

Your email address will not be published. Required fields are marked *