ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨਾਕਾਮ; 21 ਅਤਿ-ਆਧੁਨਿਕ ਪਿਸਤੌਲ ਅਤੇ 2.1 ਕਿਲੋ ਹੈਰੋਇਨ ਬਰਾਮਦ

ਚੰਡੀਗੜ੍ਹ/ਫਰੀਦਕੋਟ, 29 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਤਹਿਤ ਕਾਊਂਟਰ ਇੰਟੈਲੀਜੈਂਸ (ਸੀਆਈ) ਫਰੀਦਕੋਟ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਤਾਲਮੇਲ ਰਾਹੀਂ ਫਾਜ਼ਿਲਕਾ ਦੇ ਪਿੰਡ ਤੇਜਾ ਰੁਹੇਲਾ ਵਿਖੇ ਸਰਹੱਦੀ ਚੌਕੀ (ਬੀਓਪੀ) ਜੀਜੀ-3 ‘ਤੇ ਸਰਹੱਦ ਪਾਰੋਂ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਸਫ਼ਲਤਾਪੂਰਵਕ ਨਾਕਾਮ ਕਰਕੇ 2.1 ਕਿਲੋ ਹੈਰੋਇਨ ਅਤੇ 21 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਬਰਾਮਦ ਕੀਤੇ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਵਿੱਚ 22 ਮੈਗਜ਼ੀਨਾਂ ਸਮੇਤ 11 ਗਲੌਕ ਪਿਸਤੌਲਾਂ, ਇੱਕ ਮੈਗਜ਼ੀਨ ਸਮੇਤ ਬਰੇਟਾ ਪਿਸਤੌਲ, 10 ਮੈਗਜ਼ੀਨਾਂ ਸਮੇਤ ਪੰਜ ਜ਼ਿਗਾਨਾ ਪਿਸਤੌਲਾਂ, ਪੰਜ ਮੈਗਜ਼ੀਨਾਂ ਸਮੇਤ ਤਿੰਨ ਨੋਰਿੰਕੋ ਪਿਸਤੌਲਾਂ, ਇੱਕ ਮੈਗਜ਼ੀਨ ਸਮੇਤ ਗੱਫਰ ਸਕਿਉਰਿਟੀ ਪਿਸਤੌਲ (ਐਮਪੀ-5 ਟਾਈਪ) ਅਤੇ 310 ਜ਼ਿੰਦਾ ਕਾਰਤੂਸ (9ਐਮਐਮ) ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਅਧਾਰਤ ਤਸਕਰਾਂ ਨੇ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਜ਼ੀਰੋ ਲਾਈਨ ਪਾਰ ਕੀਤੀ ਅਤੇ ਰਾਤ ਦੇ ਹਨੇਰੇ ਅਤੇ ਸੰਘਣੀ ਧੁੰਦ ਦਾ ਫਾਇਦਾ ਉਠਾਉਂਦਿਆਂ ਭਾਰਤੀ ਖੇਤਰ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਦੇਖਦਿਆਂ ਬੀਐਸਐਫ ਦੇ ਚੌਕਸ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਗੋਲੀਆਂ ਚਲਾਈਆਂ, ਜਿਸ ਉਪਰੰਤ ਕਾਊਂਟਰ ਇੰਟੈਲੀਜੈਂਸ ਦੀ ਟੀਮ ਨਾਲ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਇਸਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ।

ਹੋਰ ਖ਼ਬਰਾਂ :-  ‘ਯੁੱਧ ਨਸ਼ਿਆਂ ਵਿਰੁੱਧ’: 224ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.8 ਕਿਲੋ ਹੈਰੋਇਨ, 2.9 ਕਿਲੋ ਆਈਸੀਈ, 24 ਕਿਲੋ ਅਫੀਮ ਸਮੇਤ 94 ਨਸ਼ਾ ਤਸਕਰ ਕਾਬੂ

ਏਆਈਜੀ ਸੀਆਈ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਬੀਐਸਐਫ ਫਾਜ਼ਿਲਕਾ ਨਾਲ ਮਿਲ ਕੇ ਵੀਰਵਾਰ ਦੀ ਸਵੇਰ ਇੱਕ ਵਿਸ਼ੇਸ਼ ਯੋਜਨਾ ਉਲੀਕੀ ਅਤੇ ਫਾਜ਼ਿਲਕਾ ਦੇ ਪਿੰਡ ਤੇਜਾ ਰੁਹੇਲਾ ਦੇ ਖੇਤਰ ਵਿੱਚ ਸਾਂਝਾ ਆਪ੍ਰੇਸ਼ਨ ਚਲਾਇਆ ਅਤੇ ਜਦੋਂ ਪਾਕਿਸਤਾਨੀ ਤਸਕਰਾਂ ਨੇ ਖੇਪ ਨੂੰ ਅੱਗੇ ਭੇਜਣ ਦੀ ਕੋਸ਼ਿਸ਼ ਕੀਤੀ ਤਾਂ  ਬੀਐਸਐਫ ਦੇ ਤਾਇਨਾਤ ਜਵਾਨਾਂ ਨੇ ਤੁਰੰਤ ਇਸਦਾ ਜਵਾਬ ਦਿੰਦਿਆਂ ਇਸ ਘਟਨਾ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੇ ਨਤੀਜੇ ਵਜੋਂ ਮੌਕੇ ਤੋਂ ਹਥਿਆਰਾਂ, ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਹੋਈ ਹੈ।

ਏਆਈਜੀ ਨੇ ਕਿਹਾ ਕਿ ਇਸ ਘਟਨਾ ਨਾਲ ਸਬੰਧਤ ਸਥਾਨਕ ਤਸਕਰ ਦਾ ਪਤਾ ਲਗਾ ਕੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਐਫਆਈਆਰ ਨੰਬਰ 01 ਮਿਤੀ 29-01-2026 ਨੂੰ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *