ਪਸ਼ੂ ਪਾਲਣ ਵਿਭਾਗ ਬਠਿੰਡਾ ਵੱਲੋਂ ਗਾਵਾਂ ਨੂੰ ਲੰਪੀ ਸਕਿੱਨ ਬੀਮਾਰੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤਹਿਤ 19 ਦਿਨਾਂ ਵਿੱਚ ਲਗਭਗ 80 ਹਜ਼ਾਰ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਮੁੱਚੇ ਸਟਾਫ ਨੂੰ ਗਊਵੰਸ਼ ਦੇ 100 ਫੀਸਦੀ ਟੀਕਾਕਰਨ ਨੂੰ ਮਿੱਥੇ ਸਮੇਂ ਵਿੱਚ ਯਕੀਨੀ ਬਣਾਉਣ ਲਈ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਟੀਕਾਕਰਨ ਦਾ ਪਸ਼ੂਆਂ ਉਪਰ ਕੋਈ ਦੁਰਪ੍ਰਭਾਵ ਨਹੀਂ ਪੈਂਦਾ ਸਗੋਂ ਗੋਕਿਆਂ ਨੂੰ ਅਗਾਊਂ ਟੀਕਾਕਰਨ ਕਰਵਾਉਣ ਨਾਲ ਇਸ ਬੀਮਾਰੀ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਤੇਲੰਗਾਨਾ ਸਟੇਟ ਵੈਟਨਰੀ ਬਾਇਓਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ ਤੋਂ 78.75 ਲੱਖ ਰੁਪਏ ਦੀ ਲਾਗਤ ਨਾਲ ਗੋਟ ਪੋਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਖਰੀਦੀਆਂ ਹਨ। ਉਨ੍ਹਾਂ ਕਿਹਾ ਕਿ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਘਰ-ਘਰ ਅੰਦਰ ਜਾ ਕੇ ਗੋਕਿਆਂ ਦਾ ਟੀਕਾਕਰਨ ਕਰਨ ਲਈ ਜ਼ਿਲ੍ਹੇ ਵਿੱਚ 60 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਸ ਦੌਰਾਨ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਚਮਨਦੀਪ ਕੌਰ ਨੇ ਕਿਹਾ ਕਿ ਇਸ ਟੀਕਾਕਰਨ ਮੁਹਿੰਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਬਠਿੰਡਾ ਵਿਖੇ ਗੋਟ ਪੋਕਸ ਵੈਕਸੀਨ ਦੀਆਂ 110500 ਖੁਰਾਕਾਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰ-ਘਰ ਜਾ ਕੇ ਗਾਵਾਂ ਦਾ ਟੀਕਾਕਰਨ ਬਿਲਕੁੱਲ ਮੁਫਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਵਿਚਲੇ ਸਾਰੇ ਗਊਵੰਸ਼ ਦਾ ਟੀਕਾਕਰਨ ਵੀ ਬਿਲਕੁੱਲ ਮੁਫਤ ਕੀਤਾ ਜਾ ਰਿਹਾ ਹੈ।