ਪੈਨਸ਼ਨਰ ਸੇਵਾ ਮੇਲੇ ਦੇ ਦੂਸਰੇ ਦਿਨ ਲਗਭਗ 150 ਦੇ ਕਰੀਬ ਪੈਨਸ਼ਰਾਂ ਦੀ ਈ-ਕੇ-ਵਾਈ-ਸੀ ਪ੍ਰਕ੍ਰਿਆ ਮੁਕੰਮਲ ਕੀਤੀ ਗਈ- ਜ਼ਿਲ੍ਹਾ ਖ਼ਜ਼ਾਨਾ ਅਫ਼ਸਰ

ਫ਼ਰੀਦਕੋਟ, 4 ਦਸੰਬਰ : ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਫ਼ਰੀਦਕੋਟ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ “ਪੈਨਸ਼ਨਰ ਸੇਵਾ ਮੇਲੇ” ਦਾ ਆਯੋਜਨ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਫ਼ਰੀਦਕੋਟ ਤੇ ਖ਼ਜ਼ਾਨਾ ਦਫ਼ਤਰ ਜੈਤੋ ਵਿਖੇ ਕੀਤਾ ਗਿਆ । ਪੈਨਸ਼ਨਰ ਸੇਵਾ ਮੇਲੇ ਦੇ ਅੱਜ ਦੂਸਰੇ ਦਿਨ ਲਗਭਗ 150 ਦੇ ਕਰੀਬ ਪੈਨਸ਼ਨਰਾਂ ਦੀ ਈ-ਕੇ-ਵਾਈ-ਸੀ ਪ੍ਰਕ੍ਰਿਆ ਮੁਕੰਮਲ ਕੀਤੀ ਗਈ ।ਇਹ ਜਾਣਕਾਰੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਫ਼ਰੀਦਕੋਟ ਸ਼੍ਰੀਮਤੀ ਵੀਰਪਾਲ ਕੌਰ ਬਾਠ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਦੌਰਾਨ ਸਾਰੇ ਪੈਨਸ਼ਨਰਾਂ ਨੂੰ ਆਪਣੀ ਈ-ਕੇ.ਵਾਈ.ਸੀ ਪ੍ਰਕਿਰਿਆ ਪੂਰੀ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ ਬਾਕੀ ਹੈ, ਉਨ੍ਹਾਂ ਦੀ ਪ੍ਰਕਿਰਿਆ ਸਥਾਨਕ ਤੌਰ ‘ਤੇ ਪੂਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ “ਪੈਨਸ਼ਨਰ ਸੇਵਾ ਪੋਰਟਲ” ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਪੈਨਸ਼ਨ ਸੰਬੰਧੀ ਅਰਜ਼ੀਆਂ, ਈ-ਪੀ.ਪੀ.ਓ, ਪੈਨਸ਼ਨ ਡਾਟਾ, ਸ਼ਿਕਾਇਤ ਨਿਵਾਰਣ ਅਤੇ ਹੋਰ ਸਹੂਲਤਾਂ ਇਕੋ ਪਲੇਟਫਾਰਮ ‘ਤੇ ਉਪਲਬਧ ਕਰਵਾਈਆਂ ਗਈਆਂ ਹਨ। ਇਸ ਪੋਰਟਲ ਰਾਹੀਂ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਈ-ਕੇਵਾਈਸੀ ਪ੍ਰਕਿਰਿਆ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ।

ਹੋਰ ਖ਼ਬਰਾਂ :-  ਗੁਰਦਾਸਪੁਰ ਅਤੇ ਪਠਾਨਕੋਟ ਲਈ ਇਤਿਹਾਸਕ ਮੌਕਾ', ਸਰਹੱਦੀ ਵਾਸੀਆਂ ਨੇ 1854 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਪਾਸ ਆਪਣੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਪੀ.ਪੀ.ਓ., ਆਧਾਰ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਅਤੇ ਆਧਾਰ ਨਾਲ ਲਿੰਕ ਕੀਤਾ ਮੋਬਾਇਲ ਨੰਬਰ (ਜਿਸ ‘ਤੇ ਓ ਟੀ ਪੀ ਪ੍ਰਾਪਤ ਹੋਵੇਗਾ) ਲਾਜ਼ਮੀ ਤੌਰ ‘ਤੇ ਮੌਜੂਦ ਹੋਣੇ ਚਾਹੀਦੇ ਹਨ।

ਜਿਲ੍ਹਾ ਖਜ਼ਾਨਾ ਅਫਸਰ ਸ਼੍ਰੀਮਤੀ ਵੀਰਪਾਲ ਕੌਰ ਬਾਠ ਨੇ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਰ ਦੇ “ਪੈਨਸ਼ਨਰ ਸੇਵਾ ਮੇਲੇ” ਵਿੱਚ 6 ਦਸੰਬਰ ਤੱਕ ਸ਼ਾਮਲ ਹੋ ਕੇ ਆਪਣੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਕਰਨ ਅਤੇ ਸਰਕਾਰ ਦੀ ਇਸ ਸਹੂਲਤ ਦਾ ਪੂਰਾ ਲਾਭ ਲੈਣ।

Leave a Reply

Your email address will not be published. Required fields are marked *