ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਸ਼ਾਮ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਰਾਏਕੋਟ ਵਿਖੇ ਚੋਣ ਪ੍ਰਚਾਰ ਕੀਤਾ। ਮਾਨ ਨੇ ‘ਆਪ’ ਉਮੀਦਵਾਰ ਦੇ ਹੱਕ ‘ਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ‘ਆਪ’ ਨੂੰ ਵੋਟ ਪਾਉਣ।
ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 1 ਜੂਨ ਨੂੰ ‘ਝਾੜੂ’ ਬਟਨ ਨੰਬਰ 3 ‘ਤੇ ਹੋਵੇਗਾ, ਇਹ ਯਕੀਨੀ ਬਣਾਓ ਕਿ ਆਮ ਆਦਮੀ ਪਾਰਟੀ 4 ਜੂਨ ਨੂੰ ਨੰਬਰ 1 ‘ਤੇ ਹੋਵੇ। ਮਾਨ ਨੇ ਕਿਹਾ ਕਿ 13-0 ਤੋਂ ਬਾਅਦ ਉਹ ਖੁੱਲ੍ਹ ਕੇ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਕੰਮ ਕਰ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਉਹ ਆਪਣੇ ਫ਼ਤਵੇ ਨਾਲ ਵਿਰੋਧੀਆਂ ਦੀ ਚੀਕਾਂ ਕਢਵਾ ਦਿਓ । ਉਨ੍ਹਾਂ ਕਿਹਾ, ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਦਾ ਮੁਲਾਂਕਣ ਕਰਨ ਲਈ ਮਜਬੂਰ ਕਰੋ। 13-0 ਨਾਲ ਹਾਰਨ ਤੋਂ ਬਾਅਦ ਉਹ ਆਪਸ ‘ਚ ਲੜਨਗੇ ਅਤੇ ਇਕ ਦੂਜੇ ‘ਤੇ ਦੋਸ਼ ਲਗਾਉਣਗੇ। ਇਸ ਦੌਰਾਨ ‘ਆਪ’ ਸਰਕਾਰ ਪੰਜਾਬ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਬਾਦਲ, ਬਾਜਵਾ, ਵੜਿੰਗ ਵਰਗੇ ਲੋਕ ਪੰਜਾਬ ਦੀ ਤਰੱਕੀ ਦੇ ਰਾਹ ਵਿਚ ਰੁਕਾਵਟ ਬਣਨ ਦਾ ਕੰਮ ਕਰਦੇ ਹਨ। ਤੁਸੀਂ ਉਨ੍ਹਾਂ ਨੂੰ ਹਰਾ ਕੇ ਇਕ ਪਾਸੇ ਕਰ ਦਿਓ। ਉਨ੍ਹਾਂ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਤੱਕ ਰਵਾਇਤੀ ਧਨਾਢ ਸਿਆਸਤਦਾਨ ਤੁਹਾਡੀਆਂ ਵੋਟਾਂ ਖਰੀਦਣ ਲਈ ਆਉਣਗੇ, ਪੈਸੇ ਲੈਣ ਤੋਂ ਇਨਕਾਰ ਨਾ ਕਰਨਾ, ਪੈਸੇ ਲੈ ਲਓ ਪਰ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਵੋਟ ਪਾਉਣਾ। ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਵੋਟ ਦੇਣਾ, ਕੰਮ ਦੀ ਰਾਜਨੀਤੀ ਨੂੰ ਵੋਟ ਦਿਓ, ‘ਆਪ’ ਨੂੰ ਵੋਟ ਦਿਓ।
ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਕੋਲ 75 ਸਾਲਾਂ ਬਾਅਦ ਜਿਨੀ ਪ੍ਰਾਪਤੀਆਂ ਹਨ ਉਸ ਤੋਂ ਵੱਧ ਪ੍ਰਾਪਤੀਆਂ ਸਾਡੇ ਕੋਲ ਸਿਰਫ਼ ਦੋ ਸਾਲਾਂ ਵਿੱਚ ਗਿਣਾਉਣ ਲਈ ਹਨ। ਭਗਵੰਤ ਮਾਨ ਨੇ ਕਿਹ ਕਿ ਮੈਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖ਼ਰੀਦਿਆ। ਪੰਜਾਬ ਸਰਕਾਰ ਦੀ ਘਰ-ਘਰ ਰਾਸ਼ਨ ਸਕੀਮ ਬਾਰੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੇ ਇਹ ਅਫ਼ਵਾਹ ਫੈਲਾਈ ਹੈ ਕਿ ਸਰਕਾਰ ਵੱਲੋਂ ਸਿਰਫ਼ ਆਟਾ ਹੀ ਦਿੱਤਾ ਜਾਵੇਗਾ। ਇਹ ਬਿਲਕੁਲ ਵੀ ਸੱਚ ਨਹੀਂ ਹੈ। ਇਹ ਪੂਰੀ ਤਰ੍ਹਾਂ ਬੇਬੁਨਿਆਦ ਹੈ। ਲੋਕਾਂ ਕੋਲ ਦੋਵੇਂ ਵਿਕਲਪ ਹਨ। ਉਹ ਆਟਾ ਜਾਂ ਕਣਕ ਚੋਂ ਕੁੱਝ ਵੀ ਲੈ ਸਕਦੇ ਹਨ।
ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਹੈ ਤਾਂ ਉਹ ਆਪਣੀ ਪੰਜਾਬ ਬਚਾਓ ਯਾਤਰਾ ਕੱਢਣ ਲਈ ਦੋ ਘੰਟੇ ਲਈ ਬਾਹਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੀ ਜੀਪ ‘ਤੇ ਛੱਤ ਹੋਵੇ, ਉਹ ਆਮ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸਮਝ ਸਕਦਾ। ਜਦੋਂ ਕਿ ਮੈਨੂੰ (ਭਗਵੰਤ ਮਾਨ) 45 ਡਿਗਰੀ ਸੈਲਸੀਅਸ ਵਿੱਚ ਵੀ ਚੋਣ ਪ੍ਰਚਾਰ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ। ਲੋਕਾਂ ਦਾ ਪਿਆਰ ਅਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਕਾਕਾ ਜੀ, ਰਾਜਾ ਜੀ ਅਤੇ ਬੀਬਾ ਜੀ ਹਨ, ਪਰ ਅਸੀਂ ਤੁਹਾਡੇ ਵਰਗੇ ਆਮ ਲੋਕ ਹਾਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਚੁਣੋ, ਉਹ ਤੁਹਾਡੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਫ਼ਤਿਹਗੜ੍ਹ ਸਾਹਿਬ ਦੇ ਆਮ ਲੋਕਾਂ ਦੀ ਆਵਾਜ਼ ਬਣਨਗੇ।
ਭਗਵੰਤ ਮਾਨ ਨੇ ਕਿਹਾ ਕਿ ਉਹ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਹਨ। ਅਮੀਰ ਲੋਕ ਥੋੜ੍ਹੇ ਸਮੇਂ ਲਈ ਮਸ਼ਹੂਰ ਹੋ ਜਾਂਦੇ ਹਨ, ਪਰ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਕੋਈ ਉਨ੍ਹਾਂ ਨੂੰ ਯਾਦ ਨਹੀਂ ਕਰਦਾ। ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਜੋ ਭਾਵਨਾ ਮਿਲਦੀ ਹੈ ਉਹ ਅਨਮੋਲ ਹੈ। ਮਾਨ ਨੇ ਕਿਹਾ ਕਿ ਜੋ ਲੋਕ ਆਪਣੀਆਂ ਜੜ੍ਹਾਂ ਪ੍ਰਤੀ ਸੱਚੇ ਰਹਿੰਦੇ ਹਨ, ਉਹ ਹੀ ਜੀਵਨ ਵਿੱਚ ਸਫ਼ਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਸਿਰਫ਼ ਜਮੀਨੀ ਪੱਧਰ ਦੇ ਆਗੂ ਹਨ ਜੋ ਆਮ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਪ੍ਰਵਾਹ ਕਰਦੇ ਹਨ। ਰਾਏਕੋਟ ਦੇ ਲੋਕਾਂ ਨੇ ਸੀਐਮ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ‘ਤੇ ਮਾਣ ਹੈ। ਮਾਨ ਨੇ ਪ੍ਰਸ਼ੰਸਾ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਭ ਤੁਹਾਡੇ ਪਿਆਰ ਅਤੇ ਅਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ।