ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਦਹਾਕਿਆਂ ਤੋਂ ਦਰਿਆਈ ਕੰਢੇ ਜ਼ਮੀਨ ਵਾਹ ਰਹੇ ਕਿਸਾਨਾਂ ਨੂੰ ਉਸਦੇ ਮਾਲਕਾਨਾ ਹੱਕ ਦੇਵੇਗੀ ਤੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ ਪਰ ਸੌੜੇ ਹਿੱਤਾਂ ਵਾਲਿਆਂ ਨੇ ਤਜਵੀਜ਼ ਰੁਕਵਾ ਦਿੱਤੀ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਜਲਾਲਾਬਾਦ, ਗੁਰੂ ਹਰਿਸਹਾਏ, ਫਿਰੋਜ਼ਪੁਰ ਸ਼ਹਿਰ ਤੇ ਫਿਰੋਜ਼ਪੁਰ ਦਿਹਾਤੀ ਵਿਚ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਮਾਨ ਦੇ ਹੱਕ ਵਿਚ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਸ ਵਾਰ ਅਸੀਂ ਠੋਸ ਕਦਮ ਚੁੱਕ ਕੇ ਯਕੀਨੀ ਬਣਾਵਾਂਗੇ ਕਿ ਦਰਿਆਈ ਕੰਢੇ ਜਿਹੜੀ ਜ਼ਮੀਨ ਕਿਸਾਨ ਵਾਹ ਰਹੇ ਹਨ, ਉਸਦੇ ਮਾਲਕਾਨਾ ਹੱਕ ਉਹਨਾਂ ਨੂੰ ਦਿੱਤੇ ਜਾਣ। ਉਹਨਾਂ ਕਿਹਾ ਕਿ ਇਸ ਲਈ ਲੋੜੀਂਦਾ ਕਾਨੂੰਨ ਅਸੀਂ ਲੈ ਕੇ ਆਵਾਂਗੇ। ਇਹ ਐਲਾਨ ਸੁਣਦਿਆਂ ਹੀ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਅਣਗੌਲਿਆ ਕੀਤਾ ਹੈ। ਉਹਨਾਂ ਕਿਹਾ ਕਿ ਹਾਲੇ ਸਰਹੱਦੀ ਇਲਾਕਿਆਂ ਵਿਚ ਹਵਾ ਬਦਲਣ ਵਾਸਤੇ ਕੋਈ ਦੇਰ ਨਹੀਂ ਹੋਈ। ਤੁਸੀਂ ਪਾਰਲੀਮਾਨੀ ਚੋਣਾਂ ਵਿਚ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਵਾਸਤੇ ਵੋਟਾਂ ਦਿਓ ਜਿਸ ਸਦਕਾ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋਵੇਗਾ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਸਾਰੀ ਸਰਹੱਦੀ ਪੱਟੀ ਦਾ ਸੰਪੂਰਨ ਵਿਕਾਸ ਕੀਤਾ ਜਾਵੇਗਾ। ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ ਤਾਂ ਜੋ ਇਸ ਇਲਾਕੇ ਵਿਚ ਵਪਾਰ ਪ੍ਰਫੁੱਲਤ ਹੋ ਸਕੇ ਅਤੇ ਅਸੀਂ ਇਸ ਪੱਟੀ ਵਿਚ ਉਦਯੋਗਾਂ ਦੀ ਸਥਾਪਨਾ ਵਾਸਤੇ ਵਿਸ਼ੇਸ਼ ਸਰਹੱਦੀ ਇਲਾਕਾ ਵਿਕਾਸ ਯੋਜਨਾ ਲਿਆਵਾਂਗੇ ਤੇ ਇਸ ਹਲਕੇ ਵਿਚ ਮੈਡੀਕਲ ਕਾਲਜ ਸਥਾਪਿਤ ਕਰ ਕੇ ਸੁਪਰ ਸਪੈਸ਼ਲਟੀ ਮੈਡੀਕਲ ਸੇਵਾਵਾਂ ਦੇਵਾਂਗੇ।
ਸਰਦਾਰ ਬਾਦਲ ਨੇ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਆਪ ਸਰਕਾਰ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਹਿਰੀ ਪਟਵਾਰੀਆਂ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਜਾਅਲੀ ਐਂਟਰੀਆਂ ਪਾਉਣ ਕਿ ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਤੱਕ ਪਹੁੰਚਦਾ ਹੈ ਤੇ ਪੰਜਾਬ ਕੋਲ ਸਿੰਜਾਈ ਵਾਸਤੇ ਵਾਧੂ ਨਹਿਰੀ ਪਾਣੀ ਹੈ।
ਉਹਨਾਂ ਕਿਹਾ ਕਿ ਇਹ ਰਿਪੋਰਟ ਸੁਪਰੀਮ ਕੋਰਟ ਵਿਚ ਸੌਂਪ ਕੇ ਅਦਾਲਤੀ ਹੁਕਮ ਰਾਹੀਂ ਐਸ ਵਾਈ ਐਲ ਨਹਿਰ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਸ ਸਾਜ਼ਿਸ਼ ਦਾ ਪੁਰਜ਼ੋਰ ਵਿਰੋਧ ਕਰੇਗਾ। ਉਹਨਾਂ ਨੇ ਉਹਨਾਂ ਸੈਂਕੜੇ ਨਹਿਰੀ ਪਟਵਾਰੀਆਂ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਸਸਪੈਂਡ ਹੋਣਾ ਤਾਂ ਮਨਜ਼ੁਰ ਕੀਤਾ ਪਰ ਜਾਅਲੀ ਐਂਟਰੀਆਂ ਪਾਉਣ ਤੋਂ ਨਾਂਹ ਕਰ ਦਿੱਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਮਿਲਦੀਆਂ ਸਹੂਲਤਾਂ ਦੀ ਤੁਲਨਾ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਨਾਲ ਕਰਨ। ਉਹਨਾਂ ਕਿਹਾ ਕਿ ਸ਼ਗਨ ਸਕੀਮ ਅਤੇ ਐਸ ਸੀ ਸਕਾਲਰਸ਼ਿਪ ਸਕੀਮ ਤੇ ਲੜਕੀਆਂ ਲਈ ਮੁਫਤ ਸਾਈਕਲ ਯੋਜਨਾਵਾਂ ਤਾਂ ਬੰਦ ਕਰ ਦਿੱਤੀਆਂ ਹਨ ਜਦੋਂ ਕਿ ਆਟਾ ਦਾਲ ਸਕੀਮ ਤੇ ਬੁਢਾਪਾ ਪੈਨਸ਼ਨ ਸਕੀਮ ਵਿਚ ਕਟੌਤੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਠੱਪਹੋ ਕੇ ਰਹਿ ਗਏ ਹਨ। ਉਹਨਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਅਕਾਲੀ ਦਲ ਦੀ ਸਰਕਾਰ ਨੇ ਇਸ ਹਲਕੇ ਵਿਚ ਸੀਵਰੇਜ ਦੀ ਸਹੂਲਤ ਦਿੱਤੀ ਤੇ ਸਟੇਡੀਅਮ ਬਣਵਾਇਆ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਵੇਲੇ ਸੰਗਤ ਦਰਸ਼ਨ ਪ੍ਰੋਗਰਾਮ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਦਰਾਂ ’ਤੇ ਆ ਕੇ ਹੱਲ ਕੀਤੀਆਂ ਜਾਂਦੀਆਂ ਸਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਇਲਾਕੇ ਵਿਚ ਆਉਣ ਦਾ ਸਮਾਂ ਹੀ ਨਹੀਂ ਹੈ ਹਾਲਾਂਕਿ ਉਹਨਾਂ ਨੇ 2017 ਵਿਚ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਲੜੀ ਸੀ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਵਰਦੇਵ ਸਿੰਘ ਨੋਨੀ ਮਾਨ, ਜਗਸੀਰ ਸਿੰਘ ਬੱਬੂ ਮੈਮਲਵਾਲਾ, ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਸਤਿੰਦਰ ਸਿੰਘ ਸਵੀ, ਸਤਿੰਦਰਜੀਤ ਸਿੰਘ ਮੰਟਾ, ਅਸ਼ੋਕ ਅਨੇਜਾ, ਪ੍ਰੇਮ ਕੁਮਾਰ ਵਲੇਚਾ, ਜੋਗਿੰਦਰ ਸਿੰਘ ਜਿੰਦੂ ਤੇ ਮੋਂਟੂ ਵੋਹਰਾ ਵੀ ਹਾਜ਼ਰ ਸਨ।