ਸਾਡੇ ਕਿਸਾਨ ਬੇਇਨਸਾਫ਼ੀ ਦੇ ਨਹੀਂ ਸਨਮਾਨ ਦੇ ਹੱਕਦਾਰ: ਸੰਧਵਾਂ

ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਨਿਭਾਈ ਗਈ ਭੂਮਿਕਾ ਲਈ ਉਨ੍ਹਾਂ ਨੂੰ ਬਹਾਦਰੀ ਦੇ ਪੁਰਸਕਾਰਾਂ ਦੀ ਸਿਫ਼ਾਰਸ਼ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨੂੰ ਸ਼ੰਭੂ ਸਰਹੱਦ ‘ਤੇ ਅੱਗੇ ਵਧਣ ਤੋਂ ਰੋਕਣ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਵਾਸਤੇ ਬਹਾਦਰੀ ਦੇ ਪੁਰਸਕਾਰਾਂ ਦੀ ਸਿਫ਼ਾਰਸ਼ ਸਬੰਧੀ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਆਪਣੇ ਪੱਤਰ ਵਿੱਚ ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ,  ਮੈਂ ਹਰਿਆਣਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਵੱਲੋਂ ਹਾਲ ਹੀ ਵਿੱਚ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਮਾਰਚ ਨੂੰ ਰੋਕਣ ਵਿੱਚ ਸ਼ਾਮਲ ਛੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਬਹਾਦਰੀ ਦੇ ਪੁਰਸਕਾਰ ਦੇਣ ਦੀ ਸਿਫ਼ਾਰਸ਼ ‘ਤੇ ਡੂੰਘੀ ਚਿੰਤਾ ਅਤੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਾ ਹਾਂ।

ਉਨ੍ਹਾਂ ਅੱਗੇ ਕਿਹਾ ਕਿ, ਹਾਲਾਂ ਕਿ ਮੈਂ ਸਾਡੀ ਪੁਲਿਸ ਫੋਰਸ ਦੀ ਬਹਾਦਰੀ ਅਤੇ ਸਮਰਪਣ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਇਹ ਮੰਨਦਾ ਹਾਂ ਕਿ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਮਾਣ-ਸਨਮਾਨ ਦੇਣਾ ਬਣਦਾ ਹੈ। ਪੰਜਾਬ ਵਿਧਾਨ ਸਭਾ ਸਪੀਕਰ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸ਼ੰਭੂ ਵਿਖੇ ਪੰਜਾਬ-ਹਰਿਆਣਾ ਸਰਹੱਦ ‘ਤੇ ਬਣੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ।

ਹੋਰ ਖ਼ਬਰਾਂ :-  ਹੁਸ਼ਿਆਰਪੁਰ ‘ਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਸਬੰਧੀ ਜਿੰਪਾ ਵੱਲੋਂ ਈਟੀਓ ਨਾਲ ਮੀਟਿੰਗ

ਪ੍ਰਧਾਨ ਮੰਤਰੀ ਨੂੰ ਹਰਿਆਣਾ ਸਰਕਾਰ ਦੇ ਇਸ ਮੰਦਭਾਗੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਭਾਰਤ ਦੀ ਸਰਵਉੱਚ ਸੰਵਿਧਾਨਕ ਅਥਾਰਟੀ ਹੋਣ ਦੇ ਨਾਤੇ ਮੈਂ ਤੁਹਾਨੂੰ ਇਸ ਸਿਫਾਰਿਸ਼ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਸਾਡੇ ਲਈ ਲੋਕਤੰਤਰ, ਨਿਆਂ ਅਤੇ ਮਨੁੱਖੀ ਸਿਧਾਂਤਾਂ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਿਸਾਨਾਂ ਵੱਲੋਂ ਪਾਏ ਜਾਂਦੇ ਯੋਗਦਾਨ ਲਈ ਉਹ ਮਾਣ-ਸਨਮਾਨ ਦੇ ਹੱਕਦਾਰ ਹਨ, ਇਸ ਲਈ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਰੁਖ਼ੀ ਅਤੇ ਬੇਇਨਸਾਫ਼ੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦ ਸ਼ੁਭਕਰਨ ਅਤੇ ਹੋਰ ਕਿਸਾਨ-ਮਜ਼ਦੂਰਾਂ, ਜਿਨ੍ਹਾਂ ਨੂੰ ਇਸ ਪ੍ਰਦਰਸ਼ਨ ਦੌਰਾਨ ਸੰਤਾਪ ਝੱਲਣਾ ਪਿਆ, ਲਈ ਨਿਆਂ ਨੂੰ ਯਕੀਨੀ ਬਣਾਈਏ।

Leave a Reply

Your email address will not be published. Required fields are marked *