ਨਵੀਂ ਦਿੱਲੀ : ਇਰਾਨ ਵਿੱਚ ਚੱਲ ਰਹੇ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ ਭਾਰਤ ਸਰਕਾਰ ਨੇ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਰੈਸਕਿਊ ਆਪ੍ਰੇਸ਼ਨ ਤਹਿਤ ਤੇਹਰਾਨ ਤੋਂ ਨਵੀਂ ਦਿੱਲੀ ਲਈ ਪਹਿਲੀ ਵਿਸ਼ੇਸ਼ ਉਡਾਣ ਸ਼ੁੱਕਰਵਾਰ (ਕੱਲ੍ਹ) ਰਵਾਨਾ ਹੋਵੇਗੀ।
ਜੰਮੂ-ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (JKSA) ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਵਿੱਚ ਮੌਜੂਦ ਸਾਰੇ ਭਾਰਤੀ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਮੁਕੰਮਲ ਕਰ ਲਈ ਗਈ ਹੈ। ਤੇਹਰਾਨ ਸਥਿਤ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਦੇ ਪਾਸਪੋਰਟ ਅਤੇ ਹੋਰ ਨਿੱਜੀ ਵੇਰਵੇ ਇਕੱਠੇ ਕਰ ਲਏ ਹਨ।
ਪਹਿਲੇ ਗਰੁੱਪ ਵਿੱਚ ਗੋਲੇਸਤਾਨ ਯੂਨੀਵਰਸਿਟੀ, ਸ਼ਹੀਦ ਬੇਹੇਸ਼ਤੀ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ਅਤੇ ਤੇਹਰਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ਦੇ ਵਿਦਿਆਰਥੀ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਕੱਲ੍ਹ ਸਵੇਰੇ 8 ਵਜੇ ਤੱਕ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਇਰਾਨ ਵਿੱਚ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਆਪਣੇ ਪਾਸਪੋਰਟ, ਵੀਜ਼ਾ ਅਤੇ ਹੋਰ ਜ਼ਰੂਰੀ ਦਸਤਾਵੇਜ਼ ਤਿਆਰ ਰੱਖਣ ਦੀ ਸਲਾਹ ਦਿੱਤੀ ਹੈ। ਜੇਕਰ ਇੰਟਰਨੈੱਟ ਦੀਆਂ ਦਿੱਕਤਾਂ ਕਾਰਨ ਕੋਈ ਨਾਗਰਿਕ ਖੁਦ ਰਜਿਸਟ੍ਰੇਸ਼ਨ ਨਹੀਂ ਕਰਵਾ ਪਾ ਰਿਹਾ, ਤਾਂ ਭਾਰਤ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੂਤਾਵਾਸ ਦੀ ਵੈੱਬਸਾਈਟ ‘ਤੇ ਜਾ ਕੇ ਉਨ੍ਹਾਂ ਦੇ ਵੇਰਵੇ ਭਰ ਸਕਦੇ ਹਨ।
ਮਦਦ ਲਈ ਐਮਰਜੈਂਸੀ ਹੈਲਪਲਾਈਨ ਨੰਬਰ
ਭਾਰਤੀ ਦੂਤਾਵਾਸ ਨੇ ਨਾਗਰਿਕਾਂ ਦੀ ਸਹਾਇਤਾ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਅਤੇ ਈਮੇਲ ਜਾਰੀ ਕੀਤੇ ਹਨ:
ਫੋਨ ਨੰਬਰ: +989128109115, +989128109109, +989128109102, +989932179359
ਈਮੇਲ: cons.tehran@mea.gov.in
ਸੁਰੱਖਿਆ ਦੇ ਮੱਦੇਨਜ਼ਰ ਲਿਆ ਫੈਸਲਾ
ਇਰਾਨ ਵਿੱਚ ਵਿਗੜਦੀ ਸਥਿਤੀ ਅਤੇ ਲਗਾਤਾਰ ਹੋ ਰਹੇ ਪ੍ਰਦਰਸ਼ਨਾਂ ਕਾਰਨ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਸੀ। ਭਾਰਤ ਸਰਕਾਰ ਨੇ ਸਮਾਂ ਰਹਿੰਦੇ ਇਹ ਵੱਡਾ ਕਦਮ ਚੁੱਕਿਆ ਹੈ ਤਾਂ ਜੋ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ।
