ਗੁਜਰਾਤ ਦੇ ਸੂਰਤ ਸ਼ਹਿਰ (Surat City) ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ। ਸੂਰਤ ‘ਚ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਦੁਪਹਿਰ ਤੱਕ ਮਾਨਸੂਨ ਦੀ ਭਾਰੀ ਬਾਰਿਸ਼ ਹੋਈ ਹੈ। ਕਰੀਬ 6 ਇੰਚ ਮੀਂਹ ਕਾਰਨ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਅਤੇ ਕਈ ਥਾਵਾਂ ‘ਤੇ ਦਰੱਖਤ ਉੱਖੜ ਗਏ।
ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਏ ਮੀਂਹ ਕਾਰਨ ਸੂਰਤ ਦੇ ਕਈ ਇਲਾਕਿਆਂ ‘ਚ ਪ੍ਰਸ਼ਾਸਨ ਨੂੰ ਕਿਸ਼ਤੀਆਂ ਚਲਾਉਣੀਆਂ ਪਈਆਂ, ਗੋਡੇ ਗੋਡੇ ਪਾਣੀ ‘ਚ ਲੋਕਾਂ ਨੂੰ ਘਰਾਂ ‘ਚੋਂ ਨਿਕਲਣਾ ਪਿਆ।ਪਾਰਕਿੰਗ ਵਿੱਚ ਖੜੇ ਵਾਹਨ ਅੱਧੇ ਪਾਣੀ ਵਿੱਚ ਡੁੱਬ ਗਏ, ਸੂਰਤ ਦੇ ਪਾਲ ਇਲਾਕੇ ‘ਚ ਸੜਕ ਧਸਣ ਦੀ ਖਬਰ ਹੈ।
ਰਿੰਗ ਰੋਡ (Ring Road) ਸਮੇਤ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਕਟਾਰਗਾਮ, ਅਖੰਡਾਨੰਦ ਕਾਲਜ, ਵੇਡ ਰੋਡ, ਉਧਨਾ ਗਰਨਾਲਾ, ਮਜੂਰਾ ਗੇਟ, ਅਠਵਾ ਗੇਟ ਅਤੇ ਸਿਵਲ ਹਸਪਤਾਲ ਖੇਤਰਾਂ ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਵਰਾਛਾ ਦੀ ਫੁੱਲ ਮੰਡੀ ਨੇੜੇ ਰਿਕਸ਼ਾ ‘ਤੇ ਵੱਡਾ ਦਰੱਖਤ ਡਿੱਗਣ ਕਾਰਨ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਸੂਰਤ ਨਗਰ ਨਿਗਮ (Surat Municipal Corporation) ਦੇ ਕਮਿਊਨਿਟੀ ਹਾਲ (Community Hall) ਦਾ ਪੀਓਪੀ ਖਟੋਦਰਾ ‘ਤੇ ਡਿੱਗਣ ਕਾਰਨ 5 ਲੋਕ ਜ਼ਖਮੀ ਹੋ ਗਏ।