ਸੂਬਾ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ 9 ਤੋਂ 11 ਫਰਵਰੀ ਤੱਕ ਕਰਵਾਏ ਜਾ ਰਹੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 17ਵੇਂ ਵਿਰਾਸਤੀ ਮੇਲੇ ਦੇ ਦੂਜੇ ਦਿਨ ਦਰਸ਼ਕਾਂ ਦਾ ਖੂਬ ਸੈਲਾਬ ਦੇਖਣ ਨੂੰ ਮਿਲਿਆ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ, ਖੇਡਾਂ, ਘੋਲ, ਵੱਖ-ਵੱਖ ਰਾਜਾਂ ਦੇ ਲੋਕ ਨਾਚ, ਕੋਰਿਓਗ੍ਰਾਫ਼ੀ, ਭੰਗੜਾ, ਮਲਵਈ ਗਿੱਧਾ, ਭੰਗੜਾ ਆਦਿ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਮੌਕੇ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਮੇਲੇ ਦੌਰਾਨ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਿਰਾਸਤ ਮੇਲਾ ਅੱਜ ਦੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ਚੋਂ ਅਲੋਪ ਹੋ ਰਹੇ ਪੁਰਾਣੇ ਸੱਭਿਆਚਾਰ, ਵਿਰਸੇ, ਖੇਡਾਂ, ਘੋਲ ਆਦਿ ਤੋਂ ਇਲਾਵਾ ਹੋਰ ਕਲਾ ਕ੍ਰਿਤੀਆਂ, ਪੇਸ਼ਕਾਰੀਆਂ ਆਦਿ ਬਾਰੇ ਜਾਣੂੰ ਕਰਵਾਏਗਾ।
ਮੇਲੇ ਦੇ ਦੂਜੇ ਦਿਨ ਅੱਜ ਪੰਜਾਬੀ ਵਿਰਸ਼ੇ ਨੂੰ ਦਰਸਾਉਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਟੀਮਾਂ ਵੱਲੋਂ ਆਪੋ-ਆਪਣੇ ਰਾਜ ਦਾ ਲੋਕ ਨਾਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਗੀਤ, ਕੋਰੀਓਗ੍ਰਾਫ਼ੀ, ਭੰਗੜਾ, ਮਲਵਈ ਗਿੱਧਾ ਆਦਿ ਪੇਸ਼ ਕੀਤਾ। ਇਸ ਉਪਰੰਤ ਪੰਜਾਬੀ ਦੇ ਪ੍ਰਸਿੱਧ ਗਾਇਕਾਂ ਨੇ ਗਾਇਕੀ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਮੇਲੇ ਦੌਰਾਨ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਲੈਕਚਰਾਰ ਗੁਰਦੀਪ ਸਿੰਘ ਮਾਨ ਅਤੇ ਹਰਮੀਤ ਸਿਵੀਆਂ ਵੱਲੋਂ ਕੀਤਾ ਗਿਆ।
ਇਸ ਮੌਕੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵਲੋਂ ਸ. ਹਰਵਿੰਦਰ ਸਿੰਘ ਖਾਲਸਾ, ਚਮਕੌਰ ਮਾਨ, ਸ਼੍ਰੀ ਰਾਮ ਪ੍ਰਕਾਸ਼ ਜਿੰਦਲ, ਸ. ਬਲਦੇਵ ਸਿੰਘ ਚਹਿਲ, ਸ. ਗੁਰਅਵਤਾਰ ਸਿੰਘ ਗੋਗੀ, ਸ਼੍ਰੀ ਗੁਰਮੀਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਮੌਜੂਦ ਰਹੀਆਂ।