ਭਗਵੰਤ ਮਾਨ ਸਰਕਾਰ ਰੀਜਨਲ ਸਪਾਈਨ ਇੰਜਰੀ ਸੈਂਟਰ ਮੋਹਾਲੀ ਨੂੰ ਹੋਰ ਅਤਿਆਧੁਨਿਕ ਸਹੂਲਤਾਂ ਨਾਲ ਕਰੇਗੀ ਮਜ਼ਬੂਤ : ਸਮਾਜਿਕ ਸੁਰੱਖਿਆ ਮੰਤਰੀ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਸਸਤਾ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਉਣ ਅਤੇ ਜਨਤਕ ਖੇਤਰ ਦੀਆਂ ਸਿਹਤ ਸੰਸਥਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਆਪਣੀ ਵਚਨਬੱਧਤਾ ਨੂੰ ਦ੍ਰਿੜਾਉਂਦਿਆਂ ਜਲਦ ਹੀ ਰੀਜਨਲ ਸਪਾਈਨ ਇੰਜਰੀ ਸੈਂਟਰ, ਸੈਕਟਰ 70, ਮੋਹਾਲੀ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ।
 ਅੱਜ ਕੇਂਦਰ ਦਾ ਦੌਰਾ ਕਰਦਿਆਂ ਮੰਤਰੀ ਨੇ ਕਿਹਾ ਕਿ ਰੀਜਨਲ ਸਪਾਈਨ ਇੰਜਰੀ ਸੈਂਟਰ ਮੋਹਾਲੀ, ਭਾਰਤ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਵੱਲੋਂ ਕਟਕ, ਜਬਲਪੁਰ ਅਤੇ ਬਰੇਲੀ ਵਿਖੇ ਚਲਾਏ ਜਾ ਰਹੇ ਰਾਸ਼ਟਰੀ ਪੱਧਰ ਦੇ ਸਪਾਈਨ ਇੰਜਰੀ ਕੇਂਦਰਾਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਗੁਆਂਢੀ ਰਾਜਾਂ-ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਨੂੰ ਵੀ ਉੱਤਰੀ ਖੇਤਰ ਵਿੱਚ ਇੱਕ ਪ੍ਰਮੁੱਖ ਸਪੈਸ਼ਲਿਟੀ ਸੰਸਥਾ ਵਜੋਂ ਸਹਾਇਤਾ ਪ੍ਰਦਾਨ  ਕੀਤੀ ਜਾ ਰਹੀ ਹੈ। ਇਹ ਮੈਡੀਕਲ ਸੰਸਥਾ ਰੀੜ੍ਹ ਦੀ ਹੱਡੀ ਦੀ ਅਸਮਰੱਥਤਾ ਵਾਲੇ ਮਰੀਜ਼ਾਂ ਅਤੇ ਆਰਥੋਪੀਡਿਕ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਵਾਲੇ ਮਰੀਜ਼ਾਂ ਦੇ ਜੀਵਨ ਨੂੰ ਪਹਿਲਾਂ ਵਰਗਾ ਨਵਾਂ-ਨਰੋਆ ਬਣਾਉਣ ਸਬੰਧੀ  ਉਪਾਅ ਪ੍ਰਦਾਨ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਹੁਤ ਕਿਫਾਇਤੀ ਇਲਾਜ ਦਰਾਂ ਅਤੇ ਆਧੁਨਿਕ ਮਸ਼ੀਨਾਂ ਦੀ ਉਪਲੱਬਧਤਾ ਕਾਰਨ ਰੀੜ੍ਹ ਦੀ ਸੱਟ ਵਾਲੇ ਮਰੀਜ਼ ਇੱਥੇ ਇਲਾਜ ਵੱਲ ਆਕਰਸ਼ਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਕੋਲ ਓਪਨ ਐਮ.ਆਰ.ਆਈ. ਮਸ਼ੀਨ ਹੈ ਜੋ ਪੂਰੇ ਖੇਤਰ ਵਿੱਚ ਸਿਰਫ਼ ਪੀ.ਜੀ.ਆਈ. ਚੰਡੀਗੜ੍ਹ ਕੋਲ ਹੀ ਉਪਲੱਬਧ ਹੈ। ਪੂਰੇ ਸਰੀਰ ਦੇ ਐਮ.ਆਰ.ਆਈ. ਸਕੈਨ ਦੀ ਫੀਸ ਸਿਰਫ 2500 ਰੁਪਏ ਹੈ।
ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਚਾਰ ਹੈ ਕਿ ਕੌਮੀ ਪੱਧਰ ਦੀ ਰਾਜ ਫੰਡਿੰਗ ਸੰਸਥਾ ਨੂੰ ਅਤਿ- ਆਧੁਨਿਕ ਸਿਹਤ ਸੰਸਥਾ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ, ਜਿਸ ਲਈ ਉਹ ਇਸ ਸਬੰਧੀ ਅੱਜ ਇਸ ਦੇ ਇੰਚਾਰਜ ਡਾ. ਰਾਜ ਬਹਾਦਰ ਨਾਲ ਕੇਂਦਰ ਦਾ ਦੌਰਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਸਤਾਵ ਅਨੁਸਾਰ ਸੰਸਥਾ ਦੀ ਮਜ਼ਬੂਤੀ ਅਤੇ ਵਿਸਤਾਰ ਦੇ ਨਾਲ-ਨਾਲ ਬੈੱਡਾਂ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਜਾਵੇਗਾ।
ਹੋਰ ਖ਼ਬਰਾਂ :-  ਨੌਜਵਾਨ ਵੋਟਰਾਂ ਤੇ ਆਮ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਬਾਰੇ ਜਾਣੂ ਕਰਵਾਉਣ ਹਿੱਤ ਸਾਈਕਲ ਰੈਲੀ ਆਯੋਜਿਤ

Leave a Reply

Your email address will not be published. Required fields are marked *