ਚੰਡੀਗੜ੍ਹ, 16 ਫਰਵਰੀ 2026 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੋਗਾ ਦੇ ਕਿੱਲੀ ਚਾਹਲਾਂ ਵਿਖੇ ਕਰਵਾਏ ਗਏ ਵਿਲੇਜ ਡਿਫੈਂਸ ਕਮੇਟੀਆਂ ਦੇ ਸਹੁੰ ਚੁੱਕ ਸਮਾਗਮ ‘ਤੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਵਿਰੋਧੀਆਂ ਨੂੰ ਇੰਨੀ ਤਕਲੀਫ਼ ਹੋ ਰਹੀ ਹੈ ਕਿ ਉਨ੍ਹਾਂ ਨੇ ਬਿਨਾਂ ਵਜ੍ਹਾ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ।
ਪੰਨੂ ਨੇ ਕਿਹਾ ਕਿ ਜੋ ਵਿਰੋਧੀ ਪਾਰਟੀਆਂ ਅੱਜ ਸਰਕਾਰੀ ਪੈਸੇ ਦੀ ਵਰਤੋਂ ‘ਤੇ ਰੋਣਾ ਰੋ ਰਹੀਆਂ ਹਨ, ਸ਼ਾਇਦ ਉਹ ਆਪਣਾ ਸ਼ਰਮਨਾਕ ਇਤਿਹਾਸ ਭੁੱਲ ਗਈਆਂ ਹਨ। ਉਨ੍ਹਾਂ ਯਾਦ ਦਿਵਾਉਂਦਿਆਂ ਕਿਹਾ ਕਿ ਅੱਜ ਸਰਕਾਰ ਦੇ ਪੈਸੇ ਦੀ ਗੱਲ ਕਰਨ ਵਾਲੇ ਦੱਸਣ ਕਿ ਜਦੋਂ ਤੁਹਾਡੀਆਂ ਸਰਕਾਰਾਂ ਸਨ, ਉਦੋਂ ਕੀ ਸਰਕਾਰੀ ਗੱਡੀਆਂ ਵਿੱਚ ‘ਚਿੱਟਾ’ ਸਪਲਾਈ ਨਹੀਂ ਹੁੰਦਾ ਸੀ? ਜਨਤਾ ਭੁੱਲੀ ਨਹੀਂ ਹੈ ਕਿ ਕਿਵੇਂ ਸੱਤਾ ਦੀ ਸਰਪ੍ਰਸਤੀ ਹੇਠ ਨਸ਼ੇ ਦਾ ਕਾਰੋਬਾਰ ਫਲਿਆ-ਫੁੱਲਿਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜਨਤਾ ਦਾ ਪੈਸਾ ਨਸ਼ਾ ਖ਼ਤਮ ਕਰਨ ਅਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਖ਼ਰਚ ਕਰ ਰਹੀ ਹੈ, ਨਾ ਕਿ ਤਸਕਰਾਂ ਨੂੰ ਪਨਾਹ ਦੇਣ ਲਈ।
ਵਿਰੋਧੀਆਂ ਦੀ ਨਿਰਾਸ਼ਾ ‘ਤੇ ਤੰਜ ਕੱਸਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਮੋਗਾ ਦੇ ਪ੍ਰੋਗਰਾਮ ਵਿੱਚ ਤਾਂ ਅਜੇ ਸਿਰਫ਼ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਹੀ ਆਏ ਸਨ, ਜਿਨ੍ਹਾਂ ਵਿੱਚ ਹਰ ਪਿੰਡ ਦੇ ਕੁਝ ਜਾਗਰੂਕ ਨਾਗਰਿਕਾਂ ਨੇ ਸਹੁੰ ਚੁੱਕੀ ਹੈ। ਜਦੋਂ ‘ਯੁੱਧ ਨਸ਼ਿਆਂ ਵਿਰੁੱਧ 2’ ਤਹਿਤ ਇਨ੍ਹਾਂ ਦੇ ਨਾਲ ਪੂਰੇ ਪਿੰਡ ਇੱਕਜੁੱਟ ਹੋ ਕੇ ਨਸ਼ੇ ਖ਼ਿਲਾਫ਼ ਮੈਦਾਨ ਵਿੱਚ ਉਤਰਨਗੇ, ਉਦੋਂ ਇਨ੍ਹਾਂ ਵਿਰੋਧੀਆਂ ਦਾ ਕੀ ਹਾਲ ਹੋਵੇਗਾ।
ਪੰਨੂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਦੂਜਾ ਪੜਾਅ ਯਕੀਨੀ ਤੌਰ ‘ਤੇ ਕਾਮਯਾਬ ਹੋਵੇਗਾ ਕਿਉਂਕਿ ਅੱਜ ਹਰ ਪੰਜਾਬੀ ਨਸ਼ਾ ਮੁਕਤ ਪੰਜਾਬ ਚਾਹੁੰਦਾ ਹੈ, ਪਰ ਜੇਕਰ ਕੋਈ ਨਹੀਂ ਚਾਹੁੰਦਾ ਤਾਂ ਉਹ ਸਿਰਫ਼ ਵਿਰੋਧੀ ਪਾਰਟੀਆਂ ਹਨ, ਕਿਉਂਕਿ ਨਸ਼ੇ ਦਾ ਖ਼ਾਤਮਾ ਹੁੰਦੇ ਹੀ ਇਨ੍ਹਾਂ ਦੀ ਰਾਜਨੀਤੀ ਦੀ ਦੁਕਾਨ ਬੰਦ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਨਹੀਂ ਬਖਸ਼ੇਗੀ।