ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸ਼ਾਹਪੁਰ ਕੰਢੀ ਡੈਮ ਦਾ ਨਿਰੀਖਣ

ਪੰਜਾਬ ਦੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸ਼ਾਹਪੁਰ ਕੰਢੀ ਡੈਮ ਅਤੇ ਉਸਾਰੇ ਜਾ ਰਹੇ ਬਿਜਲੀ ਘਰਾਂ ਦਾ ਨਿਰੀਖਣ ਕੀਤਾ ਅਤੇ ਨਿਰਮਾਣ ਕਾਰਜਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਅਤੇ ਬਰਸਾਤ ਦੇ ਆਗਾਮੀ ਮੌਸਮ ਵਿੱਚ ਝੀਲ ਭਰਨ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ, ਜਿਸ ਲਈ ਅੱਜ ਉਨ੍ਹਾਂ ਨੇ ਬੈਰਾਜ ਡੈਮ ਅਤੇ ਬਿਜਲੀ ਘਰਾਂ ਦਾ ਦੌਰਾ ਕੀਤਾ ਹੈ।

ਇਸ ਮੌਕੇ ਉਨ੍ਹਾਂ ਨਾਲ ਡੈਮਜ਼ ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਸ. ਸ਼ੇਰ ਸਿੰਘ, ਐਸ.ਈ. ਗੁਰਪਿੰਦਰ ਸਿੰਘ ਸੰਧੂ, ਐਕਸੀਅਨ ਅਰਵਿੰਦ ਕੁਮਾਰ, ਐਕਸੀਅਨ ਹੈੱਡਕੁਆਰਟਰ ਲਖਵਿੰਦਰ ਸਿੰਘ, ਓਮੀਤ ਜੇਵੀ ਕੰਪਨੀ ਦੇ ਜਨਰਲ ਮੈਨੇਜਰ ਆਰ.ਐਸ. ਰੇਅ, ਐਚ.ਆਰ. ਸ੍ਰੀਹੰਸ ਸੇਠੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਸਭ ਤੋਂ ਪਹਿਲਾਂ ਸ਼ਾਹਪੁਰ ਕੰਢੀ ਬੈਰਾਜ ’ਤੇ ਬਣ ਰਹੇ ਪੁਲ ਅਤੇ ਝੀਲ ਦਾ ਨਿਰੀਖਣ ਕੀਤਾ। ਡੈਮਜ਼ ਪ੍ਰਸ਼ਾਸਨ ਦੇ ਮੁੱਖ ਇੰਜੀਨੀਅਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਅਕਤੂਬਰ ਮਹੀਨੇ ਤੋਂ ਬੈਰਾਜ ਡੈਮ ਦੀ ਝੀਲ ਵਿੱਚ ਪਾਣੀ ਭਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ ਬਿਜਲੀ ਉਤਪਾਦਨ ਵਧਾ ਕੇ ਨੀਵੇਂ ਇਲਾਕਿਆਂ ਵਿੱਚ ਸਿੰਚਾਈ ਲਈ ਪਾਣੀ ਦੀ ਨਿਰੰਤਰ ਸਪਲਾਈ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਾਜੈਕਟ 1999 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਕਈ ਕਾਰਨਾਂ ਕਰਕੇ ਅੱਗੇ ਨਹੀਂ ਵਧ ਸਕਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਕਰੀਬ 65 ਫ਼ੀਸਦੀ ਕੰਮ ਪਿਛਲੇ ਦੋ ਸਾਲਾਂ ਵਿੱਚ ਹੀ ਮੁਕੰਮਲ ਹੋਇਆ ਹੈ।

ਹੋਰ ਖ਼ਬਰਾਂ :-  ਪਿੰਡ ਰਾਮਗੜ੍ਹ ਸਰਦਾਰਾਂ ਦੇ ਸ਼ਹੀਦ ਅਜੈ ਸਿੰਘ ਦਾ ਸਰਕਾਰੀ ਸਨਮਾਨਾ ਨਾਲ ਸੰਸਕਾਰ

ਕੈਬਨਿਟ ਮੰਤਰੀ ਨੇ ਡੈਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੈਰਾਜ ਡੈਮ ਦੇ ਬਾਕੀ ਰਹਿੰਦੇ ਨਿਰਮਾਣ ਕਾਰਜਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਬਰਸਾਤੀ ਮੌਸਮ ਵਿੱਚ ਝੀਲ ਨੂੰ ਪੂਰੀ ਤਰ੍ਹਾਂ ਭਰਿਆ ਜਾ ਸਕੇ।

ਇਸ ਉਪਰੰਤ ਕੈਬਨਿਟ ਮੰਤਰੀ ਨੇ ਪਿੰਡ ਕਮੂਆਲ ਅਤੇ ਮਾਧੋਪੁਰ ਵਿੱਚ ਬਣ ਰਹੇ ਦੋ ਬਿਜਲੀ ਘਰਾਂ ਦਾ ਜਾਇਜ਼ਾ ਲਿਆ ਅਤੇ ਬਿਜਲੀ ਘਰਾਂ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ।

ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਬੈਰਾਜ ਡੈਮ ਦੇ ਬਣਨ ਨਾਲ, ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਉਤਪਾਦਨ ਦੇ ਨਾਲ-ਨਾਲ ਬੈਰਾਜ ਡੈਮ ਤੋਂ 206 ਮੈਗਾਵਾਟ ਬਿਜਲੀ ਪੈਦਾ ਹੋਵੇਗੀ ਜਿਸ ਨਾਲ ਪੰਜਾਬ ਨੂੰ ਵੱਡੀ ਮਾਤਰਾ ਵਿਚ ਬਿਜਲੀ ਦੇ ਉਤਪਾਦਨ ਵਿਚ ਮਦਦ ਮਿਲੇਗੀ।

ਇਸ ਤੋਂ ਪਹਿਲਾਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਰਣਜੀਤ ਸਾਗਰ ਡੈਮ ਵਿਖੇ ਸਥਿਤ, ਡੈਮ ਦੀ ਉਸਾਰੀ ਦੌਰਾਨ ਸ਼ਹੀਦ ਹੋਏ ਵਿਅਕਤੀਆਂ ਦੀ ਯਾਦ ਵਿੱਚ ਬਣੀ ਯਾਦਗਾਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Leave a Reply

Your email address will not be published. Required fields are marked *