ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਆਪ੍ਰੇਸ਼ਨ ਪਵਨ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ

ਪੰਜਾਬ ਦੇ ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪ੍ਰੇਸ਼ਨ ਪਵਨ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ/ਆਸ਼ਰਿਤਾਂ ਨੂੰ ਸਨਮਾਨਿਤ ਕਰਦਿਆਂ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।

ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਲੁਧਿਆਣਾ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਹਥਿਆਰਬੰਦ ਸੈਨਾਵਾਂ ਦੀ ਸ਼ਾਨਦਾਰ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਵਲੋਂ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦੇ ਨਾਲ-ਨਾਲ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਅੱਗੇ ਰਹਿਣ ਦੀ ਸ਼ਾਨਦਾਰ ਪਰੰਪਰਾ ਹੈ। ਉਨ੍ਹਾਂ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਕਿ ਦੇਸ਼ ਆਪਣੇ ਨਾਇਕਾਂ ਦਾ ਉਨ੍ਹਾਂ ਦੀਆਂ ਲਾਸਾਨੀ ਸੇਵਾਵਾਂ ਅਤੇ ਮਾਤ ਭੂਮੀ ਲਈ ਦਿੱਤੀਆਂ ਮਹਾਨ ਕੁਰਬਾਨੀਆਂ ਲਈ ਹਮੇਸ਼ਾ ਰਿਣੀ ਰਹੇਗਾ। ਭਾਰਤੀ ਫੌਜ ਦੀ ਪੇਸ਼ੇਵਰ ਪਹੁੰਚ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਰਾਸ਼ਟਰ ਨਿਰਮਾਣ ਵਿੱਚ ਰੱਖਿਆ ਬਲਾਂ ਦੇ ਅਮੁੱਲ ਯੋਗਦਾਨ ਨੂੰ ਸਰਾਹਿਆ।

ਕੈਬਨਿਟ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਵਾਲਾ ਹਰ ਸੈਨਿਕ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਰੱਖਦਾ ਹੈ। ਇਸ ਲਈ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਸਾਥ ਦੇਣਾ ਸਾਡਾ ਵੀ ਨੈਤਿਕ ਫ਼ਰਜ਼ ਬਣਦਾ ਹੈ। ਉਨ੍ਹਾਂ 36 ਸਾਲ ਪਹਿਲਾਂ ਚੱਲੇ ਆਪ੍ਰੇਸ਼ਨ ਪਵਨ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਵੀ ਕੀਤੀ। ਇਸ ਆਪ੍ਰੇਸ਼ਨ ਵਿੱਚ ਸੂਬੇ ਦੇ 115 ਜਵਾਨਾਂ ਨੇ ਇਸ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।

ਹੋਰ ਖ਼ਬਰਾਂ :-  ਪੰਜਾਬ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼; 8 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ

ਕੇਂਦਰ ਸਰਕਾਰ ਨੂੰ ਅਗਨੀਵੀਰ ਵਰਗੀਆਂ ਮਾਰੂ ਸਕੀਮਾਂ ਬਣਾਉਣ ਤੋਂ ਰੋਕਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੇ ਨੌਜਵਾਨਾਂ ਨੂੰ ਨਿਰਾਸ਼ਾ ਵਿੱਚ ਪਾ ਦਿੱਤਾ ਹੈ, ਜੋ ਚਾਰ ਸਾਲ ਫੌਜ ਵਿੱਚ ਅਗਨੀਵੀਰ ਵਜੋਂ ਬਿਤਾਉਣ ਤੋਂ ਬਾਅਦ ਧੁੰਦਲੇ ਭਵਿੱਖ ਦੇ ਮੱਦੇਨਜ਼ਰ ਬੇਵੱਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਕੀਮਾਂ ਨੌਜਵਾਨਾਂ ਦਾ ਮਨੋਬਲ ਤੋੜਦੀਆਂ ਹਨ ਅਤੇ ਉਹ ਫੌਜ ਵਿੱਚ ਭਰਤੀ ਹੋਣ ਤੋਂ ਗੁਰੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹੀ ਸ਼ਹੀਦ ਅਗਨੀਵੀਰ ਦੇ ਦੁਖੀ ਪਰਿਵਾਰ ਨਾਲ ਖੜ੍ਹੇ ਹਨ ਅਤੇ ਪਰਿਵਾਰ ਨੂੰ ਲੋੜੀਂਦੀ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਦਿਲੀ ਹਮਦਰਦੀ ਪ੍ਰਗਟ ਕਰਨ ਲਈ ਅੱਗੇ ਆਏ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਜੰਗੀ ਅਜਾਇਬ ਘਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਵੱਖ-ਵੱਖ ਜੰਗੀ ਹਾਲਾਤ ਦੌਰਾਨ ਸਾਡੇ ਸੈਨਿਕਾਂ ਦੀ ਬਹਾਦਰੀ ਅਤੇ ਜੰਗਜੂ ਕਲਾ ਦੀ ਪੇਸ਼ਕਾਰੀ ਦੇਖੀ।

ਇਸ ਮੌਕੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਕਮਾਂਡਰ ਬੀ.ਐਸ. ਵਿਰਕ, ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਮਾਂਗਟ, ਵਿੰਗ ਕਮਾਂਡਰ (ਸੇਵਾਮੁਕਤ) ਮਹਿੰਦਰ ਸਿੰਘ ਰੰਧਾਵਾ ਅਤੇ ਡੀ.ਐਸ. ਸਰਵਾਰਾ ਹਾਜ਼ਰ ਸਨ।

Leave a Reply

Your email address will not be published. Required fields are marked *