ਬਰਨਾਲਾ ਤੋਂ ਆਪ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Cabinet Minister Gurmeet Singh Meet Here) ਨੇ ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ਤੋਂ ਚੋਣ ਜਿੱਤਣ ਮਗਰੋਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਨੂੰ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਬਰਨਾਲਾ ਦੀ ਵਿਧਾਨ ਸਭਾ ਸੀਟ (Assembly Seat) ਖਾਲੀ ਹੋ ਗਈ ਹੈ, ਅਜਿਹੇ ‘ਚ ਉਨ੍ਹਾਂ ਦੀ ਸੀਟ ‘ਤੇ ਵੀ ਉਪ ਚੋਣ ਹੋਵੇਗੀ।
ਦਰਅਸਲ ‘ਚ ਮੀਤ ਹੇਅਰ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਸੀ। ਜਿਸ ਤੋਂ ਬਾਅਦ ਸੰਵਿਧਾਨ ਮੁਤਾਬਕ ਇੱਕ ਸੀਟ ਖਾਲੀ ਕਰਨੀ ਪੈਣੀ ਸੀ। ਜਿਸ ਕਰਕੇ ਮੰਤਰੀ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਇਹ ਅਸਤੀਫਾ ਸਪੀਕਰ ਵੱਲੋਂ ਜਲਦੀ ਹੀ ਪ੍ਰਵਾਨ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੁਸ਼ਿਆਰਪੁਰ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।