7ਵੀਂ ਬਟਾਲੀਅਨ ਐਨ:ਡੀ:ਆਰ:ਐਫਜਿਲੇ ਵਿੱਚ ਕੁਦਰਤੀ ਆਫਤਾਂ ਦੀ ਸਥਿਤੀ ਨਾਲ ਨਿਪਟਣ ਲਈ ਕਿਸ ਤਰਾ ਬਚਾਓ ਕੀਤਾ ਜਾਣਾ ਹੈ ਅਤੇ ਲੋਕਾਂ ਦੀਆਂ ਜਾਨਾਂ ਨੂੰ ਕਿਵੇਂ ਬਚਾਉਣਾ ਹੈ ਸਬੰਧੀ ਇਕ ਜੁਲਾਈ ਤੋਂ 13 ਜੁਲਾਈ ਤੱਕ ਵੱਖ–ਵੱਖ ਵਿਭਾਗਾਂ ਅਤੇ ਸਕੂਲਾਂ ਵਿੱਚ ਟ੍ਰੇਨਿੰਗ ਆਯੋਜਿਤ ਕੀਤੀ ਜਾਵੇਗੀ।
ਇਸ ਸਬੰਧੀ ਐਨ:ਡੀ:ਆਰ:ਐਫ ਅਤੇ ਵੱਖ–ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ ਨੇ ਦੱਸਿਆ ਕਿ ਇਸ ਦੋ ਹਫ਼ਤੇ ਦੀ ਟ੍ਰੇਨਿੰਗ ਵਿੱਚ ਐਨ.ਡੀ.ਆਰ.ਐਫ ਵਲੋਂ ਕੁਦਰਤੀ ਆਫ਼ਤਾਂ ਜਿਵੇਂ ਕਿ ਭੂਚਾਲ, ਹੜ੍ਹ ਆਦਿ ਸਥਿਤੀਆਂ ਨਾਲ ਨਿਪਟਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਜਿੰਦਗੀ ਬਚਾਊ ਤਕਨੀਕਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਦੱਸਿਆ ਕਿ ਇਸ ਦੌਰਾਨ ਐਨ.ਡੀ.ਆਰ.ਐਫ ਵਲੋਂ ਹਰੇਕ ਬਲਾਕ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਵੀ ਕੁਦਰਤੀ ਆਫ਼ਤਾਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨਾਂ ਐਨ:ਡੀ:ਆਰ:ਐਫ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਲ੍ਹੇ ਦੇ ਸਾਰੇ ਐਸ.ਡੀ.ਐਮਜ਼ ਅਤੇ ਤਹਿਸੀਲਦਾਰਾਂ ਨਾਲ ਆਪਣਾ ਤਾਲਮੇਲ ਜ਼ਰੂਰ ਰੱਖਣ ਤਾਂ ਜੋ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਉਪਾਅ ਕੀਤੇ ਜਾ ਸਕਣ। ਇਸ ਮੀਟਿੰਗ ਵਿੱਚ ਜਿਲਾ ਪ੍ਰਸਾਸ਼ਨ ਅਧਿਕਾਰੀਆਂ ਤੋਂ ਇਲਾਵਾ ਫਾਇਰ ਬਿਰਗੇਡ, ਪੁਲਿਸ ਪ੍ਰਸਾਸ਼ਨ, ਸਿਹਤ ਵਿਭਾਗ ਆਦਿ ਨੇ ਹਿੱਸਾ ਲਿਆ।
ਇੰਸਪੈਕਟਰ ਐਨ.ਡੀ.ਆਰ.ਐਫ਼ ਸ੍ਰੀ ਰਣਜੀਤ ਕੁਮਾਰਮਿਸ਼ਰਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਕਿਸੇ ਵੀ ਤਰਾ ਦੀਆਂ ਕੁਦਰਤੀ ਆਫਤਾਂ ਜਿਵੇ ਕਿ ਭੂਚਾਲ ਆਦਿ ਤੋ ਲੋਕਾਂ ਦੀ ਜਾਨ ਨੂੰ ਬਚਾਉਣਾ ਹੈ। ਉਨਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੇ ਪ੍ਰਸਾਸ਼ਨ ਵੱਲੋਂ ਸਭ ਤੋਂ ਪਹਿਲਾਂ ਫਾਇਰ ਬਿਗ੍ਰੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਨੇੜੇ ਦੇ ਸਕੂਲ ਵਿੱਚ ਰਾਹਤ ਕੈਂਪ ਸਥਾਪਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਹ ਰਾਹਤ ਕੈਂਪ ਵਿੱਚ ਜਖਮੀ ਹੋਏ ਲੋਕਾਂ ਨੂੰ ਪੂਰੀ ਡਾਕਟਰੀ ਸਹਾਇਤਾ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜਿਲ੍ਹਾ ਆਫਤ ਪ੍ਰਬੰਧਨ ਯੋਜਨਾ ਤਹਿਤ ਸਾਰੇ ਵਿਭਾਗਾਂ ਦਾ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੇ ਤੁਰੰਤ ਹਰਕਤ ਵਿੱਚ ਆਇਆ ਜਾ ਸਕੇ। ਉਨਾਂ ਦੱਸਿਆ ਕਿ ਕਿਸੇ ਵੀ ਸੰਭਾਵੀ ਹਾਲਾਤਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀ ਹੋਣੀ ਚਾਹੀਦੀ ਹੈ।
ਇੰਸਪੈਕਟਰ ਐਨ:ਡੀ:ਆਰ:ਐਫ ਨੇ ਦੱਸਿਆ ਕਿ ਐਨ:ਡੀ:ਆਰ:ਐਫ ਦੇ ਜਵਾਨ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਪੂਰੀ ਤਰਾਂ ਨਿਪੁੰਨ ਹਨ। ਉਨਾਂ ਦੱਸਿਆ ਕਿ ਸਾਡੀ ਬਟਾਲੀਅਨ ਜਿਲੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾਂ ਨੂੰ ਰੋਕਣ ਲਈ ਜਾਣਕਾਰੀ ਮਿਲਦੇ ਹੀ 2 ਘੰਟੇ ਦੇ ਅੰਦਰ ਅੰਦਰ ਪਹੁੰਚ ਜਾਵੇਗੀ ਅਤੇ ਬਚਾਓ ਦਾ ਕੰਮ ਸ਼ੁਰੂ ਕਰ ਦੇਵੇਗੀ। ਉਨਾਂ ਦੱਸਿਆ ਕਿ ਇਸ ਸਮੇਂ ਦੇਸ਼ ਭਰ ਵਿੱਚ ਐਨ:ਡੀ:ਆਰ:ਐਫ ਦੇ 16 ਯੂਨਿਟ ਕੰਮ ਕਰ ਰਹੇ ਹਨ। ਜਿਸ ਵਿੱਚ ਇਕ ਯੂਨਿਟ ਬਠਿੰਡਾ ਵਿੱਚ ਸਥਿਤ ਹੈ। ਉਨਾਂ ਕਿਹਾ ਕਿ ਐਨ:ਡੀ:ਆਰ:ਐਫ ਦੇ ਜਵਾਨ ਸੰਭਾਵੀ ਹਾਲਾਤਾਂ ਨਾਲ ਨਜਿੱਠਣ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ।
ਇਸ ਮੀਟਿੰਗ ਵਿੱਚ ਐਸ.ਡੀ.ਐਮ ਅਜਨਾਲਾ ਸ: ਅਰਵਿੰਦਰ ਪਾਲ ਸਿੰਘ, ਐਸ.ਡੀ.ਐਮ. ਅੰਮ੍ਰਿਤਸਰ-2 ਸ੍ਰੀ ਲਾਲ ਵਿਸ਼ਵਾਸ਼ ਬੈਂਸ, ਜਿਲ੍ਹਾ ਮਾਲ ਅਫ਼ਸਰ ਸ੍ਰੀ ਪਵਨ ਗੁਲਾਟੀ, ਡਾ. ਮੋਨੀਕਾ, ਉਪ ਸਿੱਖਿਆ ਅਫ਼ਸਰ ਸ: ਬਲਰਾਜ ਸਿੰਘ ਢਿਲੋਂ ਤੋਂ ਇਲਾਵਾ ਬੀ.ਐਸ.ਐਫ. ਅਤੇ ਸੈਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।