ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ

ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਖਰਚੇ ‘ਤੇ ਨਜ਼ਰ ਰੱਖਣ ਲਈ  ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਾਸਤੇ 15 ਖਰਚਾ ਨਿਗਰਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।  ਇਹ ਸਾਰੇ ਅਧਿਕਾਰੀ ਭਾਰਤੀ ਰੈਵਨਿਊ ਸਰਵਿਸ (ਆਈ.ਆਰ.ਐਸ) ਨਾਲ ਸਬੰਧਤ ਹਨ ਅਤੇ ਖਰਚਾ ਨਿਗਰਾਨ ਵਜੋਂ ਵਿਸ਼ੇਸ਼ ਮੁਹਾਰਤ ਰੱਖਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਖਰਚਾ ਨਿਗਰਾਨ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਵੱਲੋਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਹਰ ਛੋਟੇ-ਵੱਡੇ ਚੋਣ ਖਰਚੇ ਉੱਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ।
 ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਸੀਟ ਲਈ ਹਰਸ਼ਦ ਐਸ ਵੇਂਗੁਰਲੇਕਰ, ਅੰਮ੍ਰਿਤਸਰ ਲੋਕ ਸਭਾ ਸੀਟ ਲਈ ਬਰੇ ਗਣੇਸ਼ ਸੁਧਾਕਰ, ਖਡੂਰ ਸਾਹਿਬ ਲੋਕ ਸਭਾ ਸੀਟ ਲਈ ਅਨੁਰਾਗ ਤ੍ਰਿਪਾਠੀ ਅਤੇ ਜਲੰਧਰ ਲੋਕ ਸਭਾ ਸੀਟ ਲਈ ਮਾਧਵ ਦੇਸ਼ਮੁਖ ਨੂੰ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ ਲੋਕ ਸਭਾ ਸੀਟ ਹੁਸ਼ਿਆਰਪੁਰ ਲਈ ਪਵਨ ਕੁਮਾਰ ਖੇਤਾਨ, ਲੋਕ ਸਭਾ ਸੀਟ ਅਨੰਦਪੁਰ ਸਾਹਿਬ ਲਈ ਸ਼ਿਲਪੀ ਸਿਨਹਾ, ਲੋਕ ਸਭਾ ਸੀਟ ਲੁਧਿਆਣਾ ਲਈ ਪੰਕਜ ਕੁਮਾਰ ਅਤੇ ਚੇਤਨ ਡੀ ਕਲਾਮਕਰ, ਲੋਕ ਸਭਾ ਸੀਟ ਫਤਿਹਗੜ੍ਹ ਸਾਹਿਬ ਲਈ ਆਨੰਦ ਕੁਮਾਰ, ਲੋਕ ਸਭਾ ਸੀਟ ਫਰੀਦਕੋਟ ਲਈ ਮਨੀਸ਼ ਕੁਮਾਰ, ਲੋਕ ਸਭਾ ਸੀਟ ਫਿਰੋਜ਼ਪੁਰ ਲਈ ਨਗੇਂਦਰ ਯਾਦਵ, ਲੋਕ ਸਭਾ ਸੀਟ ਬਠਿੰਡਾ ਲਈ ਅਖਿਲੇਸ਼ ਕੁਮਾਰ ਯਾਦਵ ਅਤੇ ਨੰਦਿਨੀ ਆਰ ਨਾਇਰ, ਲੋਕ ਸਭਾ ਸੀਟ ਸੰਗਰੂਰ ਲਈ ਅਮਿਤ ਸੰਜੇ ਗੁਰਵ ਅਤੇ ਲੋਕ ਸਭਾ ਸੀਟ ਪਟਿਆਲਾ ਲਈ ਮੀਤੂ ਅਗਰਵਾਲ ਨੂੰ ਨਿਯੁਕਤ ਕੀਤਾ ਹੈ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਹਰੇਕ ਖਰਚਾ ਆਬਜ਼ਰਵਰ ਆਪਣੇ ਸਬੰਧਤ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਹੋਰ ਖ਼ਬਰਾਂ :-  ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦਾ ਦਾਅਵਾ, ਸਾਰੀਆਂ 11 ਸੀਟਾਂ 'ਤੇ ਖਿੜੇਗਾ ਕਮਲ

Leave a Reply

Your email address will not be published. Required fields are marked *