ਪਠਾਨਕੋਟ ਵਿੱਚ ਉਦਯੋਗ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

Sarkaar Vpaar Milni

ਪਠਾਨਕੋਟ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਅਤੇ ਪਠਾਨਕੋਟ ਨੂੰ ਸੈਰ-ਸਪਾਟੇ ਦੇ ਨਕਸ਼ੇ ‘ਤੇ ਪ੍ਰਮੁੱਖ ਸਥਾਨ ਵਜੋਂ ਸਥਾਪਤ ਕਰਨ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

ਸਰਕਾਰ-ਵਪਾਰ ਮਿਲਣੀ ਦੌਰਾਨ ਅਜੈ ਤ੍ਰੇਹਨ ਨੇ ਪੰਜਾਬ ਸਰਕਾਰ ਵਲੋਂ ਪਠਾਨਕੋਟ ਦੇ ਧਾਰ ਕਲਾਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਪਠਾਨਕੋਟ ਧਾਰ ਧੁਨੇਰਾ ਵਿਕਾਸ ਅਥਾਰਿਟੀ ਦੇ ਗਠਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੀ ਮਲਕੀਅਤ ਵਾਲੀ ਜ਼ਮੀਨ ਦੇ ਵੱਡੇ ਹਿੱਸੇ ‘ਤੇ ਰਣਜੀਤ ਸਾਗਰ ਡੈਮ ਲਈ ਬਣਾਏ ਗਏ ਸ਼ੈੱਡ, ਅਫਸਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਰਗਾ ਹੋਰ ਬੁਨਿਆਦੀ ਢਾਂਚਾ ਬੇਕਾਰ ਪਿਆ ਹੈ। ਜੇ ਸਰਕਾਰ ਚਾਹੇ ਤਾਂ ਇਸ ਖੇਤਰ ਨੂੰ ਗ੍ਰੀਨ ਇੰਡਸਟਰੀ ਦੇ ਤੌਰ ‘ਤੇ ਵਿਕਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਧਾਰ ਇਲਾਕੇ ਵਿੱਚ ਐਗਰੋ ਫੋਰੈਸਟਰੀ ਨੂੰ ਹੁੰਗਾਰਾ ਦੇਣ ਦੀ ਗੱਲ ਵੀ ਆਖੀ।

ਇਕ ਹੋਰ ਸਥਾਨਕ ਵਾਸੀ ਸੁਨੀਲ ਮਹਾਜਨ ਨੇ ਪੰਜਾਬ ਸਰਕਾਰ ਦੀ ਵਪਾਰੀਆਂ ਲਈ ਯਕਮੁਸ਼ਤ ਨਿਬੇੜਾ ਸਕੀਮ ਦੀ ਲਿਮਟ ਨੂੰ ਇੱਕ ਕਰੋੜ ਤੋਂ ਵਧਾ ਕੇ ਅਸੀਮਿਤ ਕਰਨ ਦੀ ਮੰਗ ਰੱਖੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ-ਵਪਾਰ ਮਿਲਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਸੂਬੇ ਵਿੱਚ ਵਪਾਰ ਪੱਖੀ ਮਾਹੌਲ ਬਣੇਗਾ।

ਇਸੇ ਤਰ੍ਹਾਂ ਵਿਵੇਕ ਚੌਧਰੀ ਨੇ ਪਠਾਨਕੋਟ ਵਿੱਚ ਇੰਡਸਟਰੀ ਨੂੰ ਸਪੈਸ਼ਲ ਪੈਕੇਜ ਦੇਣ ਦੀ ਮੰਗ ਰੱਖੀ। ਉਨ੍ਹਾਂ ਪਠਾਨਕੋਟ ਵਿੱਚ ਫੋਕਲ ਪੁਆਇੰਟ ਵਿੱਚ ਖਾਲੀ ਪਈਆਂ ਥਾਵਾਂ ਦੀ ਈ-ਆਕਸ਼ਨ ਕਰਵਾਉਣ ਦੀ ਮੰਗ ਵੀ ਰੱਖੀ ਤਾਂ ਜੋ ਵਪਾਰ ਨੂੰ ਹੁੰਗਾਰਾ ਮਿਲ ਸਕੇ।

ਹੋਰ ਖ਼ਬਰਾਂ :-  ਪੰਜਾਬ ’ਚ ਮੁੜ ਤੋਂ ਡਾਕਟਰਾਂ ਨੇ ਕੀਤੀ ਹੜਤਾਲ, ਚਾਰ ਦਿਨ ਬੰਦ ਰਹਿਣਗੀਆਂ ਓਪੀਡੀ ਸੇਵਾਵਾਂ

ਇਸ ਦੌਰਾਨ ਮਨਿੰਦਰ ਸਿੰਘ ਨੇ ਕਿਹਾ ਕਿ ਪਠਾਨਕੋਟ ਵਿੱਚ ਵੱਡਾ ਹਸਪਤਾਲ ਨਾ ਹੋਣ ਕਾਰਨ ਜ਼ਿਲ੍ਹਾ ਵਾਸੀਆਂ ਨੂੰ ਹੋਰ ਜ਼ਿਲ੍ਹਿਆਂ ਵਿੱਚ ਇਲਾਜ ਲਈ ਜਾਣਾ ਪੈਂਦਾ ਹੈ। ਇਸ ਲਈ ਇੱਥੇ ਵੱਡਾ ਸੁਪਰ ਸਪੈਸ਼ਲਟੀ ਹਸਪਤਾਲ ਬਣਾਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਆਪਣਾ ਕਾਰੋਬਾਰ ਅਤੇ ਨੌਕਰੀਆਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਸੂਬੇ ਦੀ ਤਰੱਕੀ ਹੋ ਸਕੇ। ਇਸ ਲਈ ਸਰਕਾਰ ਸਕੂਲਾਂ ਅਤੇ ਕਾਲਜਾਂ ਰਾਹੀਂ ਨੌਜਵਾਨਾਂ ਨੂੰ ਜਾਗਰੂਕ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਦਿੱਲੀ ਸਰਕਾਰ ਦੀ ਤਰਜ਼ ‘ਤੇ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਯੋਗ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫੇ ਦੇਵੇ।

ਪਠਾਨਕੋਟ ਨੂੰ ਪੰਜਾਬ ਦੇ ਆਸ-ਪਾਸ ਦੇ ਖੇਤਰਾਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਸਾਰੀ ਸਪਲਾਈ ਲਈ ਲਾਹੇਵੰਦ ਸਥਾਨ ਦੱਸਦਿਆਂ ਵਿਵੇਕ ਮੜ੍ਹਿਆ ਨੇ ਕਿਹਾ ਕਿ ਪਠਾਨਕੋਟ ਦਾ ਬਾਕੀ ਸੂਬਿਆਂ ਨਾਲ ਸੁਖਾਲਾ ਸੜਕੀ ਸੰਪਰਕ ਹੋਣ ਕਾਰਨ ਕੁੱਝ ਕੰਪਨੀਆਂ ਵੱਖ-ਵੱਖ ਥਾਵਾਂ ‘ਤੇ ਸਪਲਾਈ ਨੂੰ ਸੁਖਾਲਾ ਬਣਾਉਣ ਲਈ ਪਠਾਨਕੋਟ ਵਿੱਚ ਆਪਣੇ ਵੇਅਰ ਹਾਊਸ ਸਥਾਪਤ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਪਠਾਨਕੋਟ ਨੂੰ ਸਪਲਾਈ ਹੱਬ ਦੇ ਤੌਰ ‘ਤੇ ਵਿਕਸਤ ਕਰਨ ਦਾ ਸੁਝਾਅ ਦਿੱਤਾ।

dailytweetnews.com

Leave a Reply

Your email address will not be published. Required fields are marked *