ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਕਰਵਾਈ ਸ਼ਾਨਦਾਰ ਮੈਰਾਥਨ

ਮਾਹਿਲਪੁਰ/ਹੁਸ਼ਿਆਰਪੁਰ, 22 ਮਾਰਚ : ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਨੈਸ਼ਨਲ ਮੈਰਾਥਨ ਅੱਜ ਇਥੇ ਤੜਕਸਾਰ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਹੋਈ ਜਿਸ ਵਿਚ ਹਰ ਵਰਗ ਦੇ ਵਿਅਕਤੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ ਦੇ ਨਾਲ-ਨਾਲ ਖੇਡਾਂ ਨੂੰ ਵੱਧ ਤੋਂ ਵੱਧ ਹੁਲਾਰਾ ਦੇਣ ਦਾ ਪ੍ਰਣ ਲਿਆ ਗਿਆ।

ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਮੈਰਾਥਨ ਦੀ ਪ੍ਰਕਿਰਿਆ ਨਾਲ ਪਹਿਲੇ ਵਰਗ 42 ਕਿਲੋਮੀਟਰ ਲਈ ਦੌੜਾਕਾਂ ਨੂੰ 5 ਵਜੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਮੈਰਾਥਨ ਅਤੇ ਖੇਡਾਂ ਪ੍ਰਤੀ ਪੰਜਾਬੀਆਂ ਦੇ ਉਤਸ਼ਾਹ ਨੂੰ ਸਲਾਮ ਹੈ ਅਤੇ ਪੰਜਾਬੀਆਂ ਦੇ ਜਜ਼ਬੇ ਤੇ ਬਹਾਦਰੀ ਸਾਹਮਣੇ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨਾ ਕੋਈ ਬਹੁਤ ਵੱਡੀ ਚੁਨੌਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਅਤੇ ਹੰਭਲੇ ਸਦਕਾ ਨਸ਼ਿਆਂ ਦਾ ਖਾਤਮਾ ਪੂਰੀ ਤਰ੍ਹਾਂ ਸੰਭਵ ਹੈ ਜਿਸ ਲਈ ਪੰਜਾਬ ਸਰਕਾਰ ਲਗਾਤਾਰ ਵੱਡੇ ਐਕਸ਼ਨ ਲੈ ਰਹੀ ਹੈ ਤਾਂ ਜੋ ਪੰਜਾਬ ਨੂੰ ਇਸ ਸਮਾਜਿਕ ਬੁਰਾਈ ਤੋਂ ਮੁਕਤ ਕਰਕੇ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਕਰਵਾਈ ਰਾਸ਼ਟਰੀ ਮੈਰਾਥਨ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ ਅਤੇ ਲੋਕਾਂ ਵਲੋਂ ਦਿੱਤੇ ਵੱਡੇ ਪੱਧਰ ’ਤੇ ਹਾਂ ਪੱਖੀ ਹੁੰਗਾਰੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੇ ਨਸ਼ਿਆਂ ਖਿਲਾਫ਼ ਉਪਰਾਲਿਆਂ ਨੇ ਜ਼ਮੀਨੀ ਪੱਧਰ ’ਤੇ ਵਧੀਆ ਛਾਪ ਛੱਡੀ ਹੈ।

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ 21 ਕਿਲੋਮੀਟਰ ਅਤੇ 10 ਕਿਲੋਮੀਟਰ ਵਰਗ ਲਈ ਦੌੜਾਕਾਂ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਿਹਾ ਕਿ ਨੌਜਵਾਨਾਂ ਦਾ ਮੈਰਾਥਨ ਪ੍ਰਤੀ ਉਤਸ਼ਾਹ ਕਾਬਿਲੇ ਤਾਰੀਫ਼ ਹੈ ਜਿਨ੍ਹਾਂ ਨੇ ਮਾਹਿਲਪੁਰ ਵਿਖੇ ਏਡੀ ਵੱਡੀ ਪਹਿਲਕਦਮੀ ਵਿਚ ਸ਼ਾਮਲ ਹੋ ਕੇ ਨਸ਼ਿਆਂ ਖਿਲਾਫ਼ ਸੰਦੇਸ਼ ਨੂੰ ਦੂਰ-ਦੁਰਾਡੇ ਤੱਕ ਪੁੱਜਦਾ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਪਿਛਲੇ ਚਾਰ ਸਾਲਾਂ ਦੌਰਾਨ ਨਸ਼ਿਆਂ ਵਿਰੁੱਧ ਵੱਡੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਹਿਲਪੁਰ ਫੁੱਟਬਾਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਸੀ ਜਿਥੇ ਪਿਛਲੇ ਸਮਿਆਂ ਦੌਰਾਨ ਨਸ਼ਿਆਂ ਦਾ ਵਹਿਣ ਵਹਿ ਰਿਹਾ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਨਸ਼ਿਆਂ ਦੇ ਖਾਤਮੇ ਲਈ ਕੰਮ ਕੀਤਾ ਗਿਆ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਨੂੰ ਅਮਲੀਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਨਸ਼ਿਆਂ ਨੂੰ ਨਾਂਹ ਅਤੇ ਖੇਡਾਂ ਨੂੰ ਹਾਂ ਦੇ ਨਾਅਰੇ ਸ਼ਲਾਘਾਯੋਗ ਹਨ ਤਾਂ ਜੋ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਕੇ ਖੇਡਾਂ ਦੇ ਖੇਤਰ ਵਿਚ ਨਵੀਂਆਂ ਬੁਲੰਦੀਆਂ ਨੂੰ ਛੋਹਿਆ ਜਾ ਸਕੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ 5 ਕਿਲੋਮੀਟਰ ਮੈਰਾਥਨ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਲੜਕਿਆਂ ਵਾਂਗ ਲੜਕੀਆਂ ਵਲੋਂ ਭਾਰੀ ਗਿਣਤੀ ਵਿਚ ਹਿੱਸਾ ਲੈਣਾ ਸਲਾਹੁਣਯੋਗ ਹੈ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਮਦਦ ਲਈ ਵਚਨਬੱਧ ਹੈ ਅਤੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਪਹਿਲਕਦਮੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਡਿਪਟੀ ਸਪੀਕਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਫ਼ਲਤਾਪੂਰਵਕ ਮੈਰਾਥਨ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਲੜੀ ਇਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀਆਂ ਨੂੰ ਨਸ਼ਿਆਂ ਦੇ ਰੁਝਾਨ ਤੋਂ ਬਚਾਇਆ ਜਾ ਸਕੇ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭਤੀਜੇ ਕਿਰਨਜੀਤ ਸਿੰਘ ਸੰਧੂ, ਜੋ ਉਚੇਚੇ ਤੌਰ ’ਤੇ ਸਮਾਗਮ ਵਿਚ ਪਹੁੰਚੇ ਸਨ, ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨੌਜਵਾਨਾਂ ਨੂੰ ਸਿਹਤਮੰਦ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਵੀ ਸਾਰਿਆਂ ਨੂੰ ਬਰਾਬਰਤਾ ਅਤੇ ਸਿਹਤਮੰਦ ਜੀਵਨ ਪ੍ਰਦਾਨ ਕਰਨ ਦੀ ਸੀ ਜਿਸ ਲਈ ਉਨ੍ਹਾਂ ਨੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਹਾਦਤ ਦਾ ਰੱਸਾ ਚੁੰਮਿਆ ਸੀ। ਉਨ੍ਹਾਂ ਕਿਹਾ ਕਿ ਸਮਾਜਿਕ ਅਲਾਮਤਾਂ ਨੂੰ ਖਤਮ ਕਰਕੇ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਹੋਰ ਖ਼ਬਰਾਂ :-  ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ

ਮੈਰਾਥਨ ਦੇ ਜੇਤੂਆਂ ਲਈ ਇਨਾਮ ਰਾਸ਼ੀ :

ਡਿਪਟੀ ਸਪੀਕਰ ਨੇ ਦੱਸਿਆ ਕਿ 42 ਕਿਲੋਮੀਟਰ ਲਈ 142 ਦੌੜਾਕਾਂ ਨੇ, 21 ਕਿਲੋਮੀਟਰ ਲਈ 350 ਵਿਅਕਤੀਆਂ ਨੇ, 10 ਕਿਲੋਮੀਟਰ ਲਈ 513 ਅਤੇ 5 ਕਿਲੋਮੀਟਰ ਲਈ ਵੱਖ-ਵੱਖ ਉਮਰ ਵਰਗ ਦੇ 2867 ਵਿਅਕਤੀਆਂ ਨੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੈਸ਼ਨਲ ਮੈਰਾਥਨ ਦੇ 42 ਕਿਲੋਮੀਟਰ ਵਰਗ ਵਿਚ ਪੁਰਸ਼ ਅਤੇ ਮਹਿਲਾ ਵਰਗ ਲਈ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ 75 ਹਜ਼ਾਰ ਰੁਪਏ, ਤੀਸਰਾ ਇਨਾਮ 40 ਹਜ਼ਾਰ ਰੁਪਏ, ਚੌਥਾ ਇਨਾਮ 30 ਹਜ਼ਾਰ ਰੁਪਏ, ਪੰਜਵਾਂ ਇਨਾਮ 20 ਹਜ਼ਾਰ ਰੁਪਏ, ਛੇਵਾਂ ਇਨਾਮ 15 ਹਜ਼ਾਰ ਰੁਪਏ, ਸੱਤਵਾਂ ਇਨਾਮ 10 ਹਜ਼ਾਰ ਰੁਪਏ, ਅੱਠਵਾਂ ਇਨਾਮ 8 ਹਜ਼ਾਰ ਰੁਪਏ, ਨੌਵਾਂ ਇਨਾਮ 6 ਹਜ਼ਾਰ ਰੁਪਏ ਅਤੇ ਦਸਵਾਂ ਇਨਾਮ 5 ਹਜ਼ਾਰ ਰੁਪਏ ਪ੍ਰਤੀ ਜੇਤੂ ਤਕਸੀਮ ਕੀਤਾ ਗਿਆ। ਇਸੇ ਤਰ੍ਹਾਂ 21 ਕਿਲੋਮੀਟਰ ਲਈ 19 ਤੋਂ 30 ਸਾਲ, 31 ਤੋਂ 40 ਸਾਲ, 41 ਤੋਂ 50 ਸਾਲ, 51 ਤੋਂ 60 ਸਾਲ ਅਤੇ 60 ਸਾਲ ਤੋਂ ਵੱਧ ਉਮਰ ਦੇ ਪਹਿਲੇ ਤਿੰਨ ਜੇਤੂਆਂ ਲਈ ਕ੍ਰਮਵਾਰ 30 ਹਜ਼ਾਰ, 15 ਹਜ਼ਾਰ ਅਤੇ 10 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਸੇ ਤਰ੍ਹਾਂ 10 ਕਿਲੋਮੀਟਰ ਵਰਗ ਲਈ 19 ਤੋਂ 30 ਸਾਲ, 31 ਤੋਂ 40 ਸਾਲ, 41 ਤੋਂ 50 ਸਾਲ, 51 ਤੋਂ 60 ਸਾਲ ਅਤੇ 60 ਸਾਲ ਤੋਂ ਵੱਧ ਉਮਰ ਦੇ ਪਹਿਲੇ ਤਿੰਨ ਜੇਤੂਆਂ ਲਈ ਕ੍ਰਮਵਾਰ 20 ਹਜ਼ਾਰ, 10 ਹਜ਼ਾਰ ਅਤੇ 5 ਹਜ਼ਾਰ ਰੁਪਏ ਇਨਾਮ ਵਜੋਂ ਤਕਸੀਮ ਕੀਤੇ ਗਏ। 5 ਕਿਲੋਮੀਟਰ ਵਾਲੇ ਵਰਗ ਵਿਚ ਪੁਰਸ਼ ਅਤੇ ਮਹਿਲਾ ਵਰਗ ਲਈ ਪਹਿਲਾ ਇਨਾਮ 5 ਹਜ਼ਾਰ ਰੁਪਏ, ਦੂਜਾ ਇਨਾਮ ਤਿੰਨ ਹਜ਼ਾਰ ਰੁਪਏ, ਤੀਸਰਾ ਇਨਾਮ ਦੋ ਹਜ਼ਾਰ ਰੁਪਏ, ਚੌਥਾ ਇਨਾਮ 1500 ਰੁਪਏ, ਪੰਜਵਾਂ ਇਨਾਮ ਇਕ ਹਜ਼ਾਰ ਰੁਪਏ, ਛੇਵਾਂ ਇਨਾਮ 900 ਰੁਪਏ, ਸੱਤਵਾਂ ਇਨਾਮ 800 ਰੁਪਏ, ਅੱਠਵਾਂ ਇਨਾਮ 700 ਰੁਪਏ, ਨੌਵਾਂ ਇਨਾਮ 600 ਰੁਪਏ ਅਤੇ ਦਸਵਾਂ ਇਨਾਮ 500 ਰੁਪਏ ਪ੍ਰਤੀ ਜੇਤੂ ਤਕਸੀਮ ਕੀਤਾ ਗਿਆ। ਦਿਵਆਂਗਜਨਾਂ ਲਈ ਇਕ ਕਿਲੋਮੀਟਰ ਵਰਗ ਵਿਚ ਪੁਰਸ਼ ਅਤੇ ਮਹਿਲਾਵਾਂ ਲਈ ਪਹਿਲਾ ਇਨਾਮ 5 ਹਜ਼ਾਰ ਰੁਪਏ, ਦੂਜਾ ਇਨਾਮ 3 ਹਜ਼ਾਰ ਰੁਪਏ, ਤੀਜਾ ਇਨਾਮ 2 ਹਜ਼ਾਰ ਰੁਪਏ, ਚੌਥਾ ਇਨਾਮ 1500 ਰੁਪਏ, ਪੰਜਵਾਂ ਅਤੇ ਛੇਵਾਂ ਇਨਾਮ 1000 ਰੁਪਏ ਪ੍ਰਤੀ ਜੇਤੂ ਨੂੰ ਤਕਸੀਮ ਕੀਤਾ ਗਿਆ।

ਮੈਰਾਥਨ ਮੌਕੇ ਓਲੰਪੀਅਨ ਅਰਜੁਨਾ ਅਵਾਰਡੀ ਸਵਰਨ ਸਿੰਘ, ਏਸ਼ੀਅਨ ਚੈਂਪੀਅਨ ਚਰਨਮੋਹਨ, ਏਸ਼ੀਅਨ ਚੈਂਪੀਅਨ ਹਰਦੀਪ ਸਿੰਘ, ਏਸ਼ੀਅਨ ਚੈਂਪੀਅਨ ਪ੍ਰਭਜੋਤ ਸਿੰਘ, ਏਸ਼ੀਅਨ ਚੈਂਪੀਅਨ ਕੋਮਲ ਪ੍ਰੀਤ ਸ਼ੁਕਲਾ, ਏਸ਼ੀਅਨ ਚੈਂਪੀਅਨ ਅਨਮੋਲ ਕੌਰ, ਏਸ਼ੀਅਨ ਖੇਡਾਂ ਰਾਜਵਿੰਦਰ ਕੌਰ, ਵਰਲਡ ਪੁਲਸ ਖੇਡਾਂ ਚੈਂਪੀਅਨ ਵੀਰਪਾਲ ਕੌਰ, ਕਾਮਨ ਵੈਲਥ ਚੈਂਪੀਅਨ ਰਵਨੀਤ ਕੌਰ, ਵਰਲਡ ਪੁਲਸ ਖੇਡਾਂ ਚੈਪੀਅਨ ਰਮਨਦੀਪ ਕੌਰ, ਸੈਫ ਖੇਡਾਂ ਨਵਨੀਤ ਕੌਰ, ਏਸ਼ੀਅਨ ਚੈਂਪੀਅਨ ਬਲਜਿੰਦਰ ਸਿੰਘ, ਵਰਲਡ ਪੁਲਸ ਖੇਡਾਂ ਚੈਂਪੀਅਨ ਪਰਵਿੰਦਰ ਸਿੰਘ, ਏਸ਼ੀਅਨ ਚੈਂਪੀਅਨ ਹਰਪ੍ਰੀਤ ਸਿੰਘ, ਰਣਦੀਪ ਕੌਰ, ਵਰਲਡ ਪੁਲਸ ਖੇਡਾਂ ਚੈਂਪੀਅਨ ਜਗਮੀਤ ਸਿੰਘ, ਵਰਲਡ ਕੱਪ ਚੈਂਪੀਅਨ ਪ੍ਰਿਅੰਕਾ ਠਾਕੁਰ, ਵਰਲਡ ਪੁਲਿਸ ਖੇਡਾਂ ਚੈਂਪੀਅਨ ਗੁਰਸ਼ਰਨਪ੍ਰੀਤ ਕੌਰ, ਵਰਲਡ ਪੁਲਸ ਖੇਡਾਂ ਅਮਨਭਾਈ, ਵਰਲਡ ਪੁਲਸ ਖੇਡਾਂ ਸੰਨੀ, ਪ੍ਰਦੀਪ ਕੁਮਾਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਪਰਮਿੰਦਰ ਗੋਲਡੀ, ਪ੍ਰਿੰਸ ਚੌਧਰੀ, ਚਰਨਜੀਤ ਕੌਰ ਹਵੇਲੀ, ਕੁਲਜੀਤ ਸਿੰਘ, ਇੰਦਰਜੀਤ ਸਿੰਘ, ਨਵਪ੍ਰੀਤ ਕੌਰ, ਜੂਝਾਰ ਸਿੰਘ, ਕਮਲੇਸ਼, ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ, ਖੇਡ ਪ੍ਰਮੋਟਰ ਕੁਲਵੰਤ ਸਿੰਘ ਸੰਘਾ, ਵੱਡੀ ਗਿਣਤੀ ਵਿਚ ਪੰਚਾਇਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *