ਚੰਡੀਗੜ੍ਹ, 10 ਮਾਰਚ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ, ਜ਼ਮੀਨੀ ਪੱਧਰ ‘ਤੇ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫਸਰਾਂ (ਬੀਐਲਓਜ਼) ਦੇ ਸਮਰਪਣ ਨੂੰ ਮਾਨਤਾ ਅਤੇ ਸਨਮਾਨ ਦੇਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਗਏ।
ਜ਼ਿਲ੍ਹਾ ਪੱਧਰ ‘ਤੇ, ਹਰੇਕ ਵਿਧਾਨ ਸਭਾ ਹਲਕੇ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਤਿੰਨ ਮਹਿਲਾ ਬੀ.ਐਲ.ਓਜ਼ ਨੂੰ ਸਬੰਧਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਮਿਸਾਲੀ ਸੇਵਾ ਅਤੇ ਵੋਟਰ ਸੂਚੀ ਦੀ ਸੋਧ ਸਬੰਧੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਮਾਗਮਾਂ ਦੌਰਾਨ ਮਹਿਲਾ ਬੀ.ਐਲ.ਓਜ਼ ਦੇ ਨਿਰੰਤਰ ਯਤਨਾਂ ਨੂੰ ਮਾਨਤਾ ਦਿੱਤੀ ਗਈ ਜੋ ਨਾਗਰਿਕਾਂ ਨਾਲ ਮਿਲ ਕੇ ਪੂਰੇ ਸਮਰਪਣ ਨਾਲ ਕੰਮ ਕਰਦੀਆਂ ਹਨ ਅਤੇ ਚੋਣ ਕਮਿਸ਼ਨ ਅਤੇ ਵੋਟਰਾਂ ਦਰਮਿਆਨ ਇੱਕ ਅਹਿਮ ਕੜੀ ਵਜੋਂ ਕੰਮ ਕਰਦੀਆਂ ਹਨ।
ਦੇਸ਼ ਦੀ ਚੋਣ ਪ੍ਰਕਿਰਿਆ ਵਿੱਚ ਔਰਤਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਅਨਿੰਦਿਤਾ ਮਿਤਰਾ ਨੇ ਕਿਹਾ, “ਮਹਿਲਾ ਬੂਥ ਲੈਵਲ ਅਫਸਰ ਸਾਡੀ ਚੋਣ ਮਸ਼ੀਨਰੀ ਦੀ ਮਜ਼ਬੂਤ ਅਤੇ ਭਰੋਸੇਮੰਦ ਤਾਕਤ ਹੈ। ਉਨ੍ਹਾਂ ਦਾ ਸਮਰਪਣ, ਇਮਾਨਦਾਰੀ ਅਤੇ ਭਾਈਚਾਰਿਆਂ ਨਾਲ ਮਜ਼ਬੂਤ ਸਬੰਧ ਸਾਡੇ ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ, ਇਨ੍ਹਾਂ ਔਰਤਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਅਤੇ ਸਨਮਾਨ ਦੇਣਾ ਬੇਹੱਦ ਅਹਿਮ ਹੈ ਜੋ ਆਜ਼ਾਦ, ਨਿਰਪੱਖ ਅਤੇ ਨਿਰਵਿਘਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਦੀਆਂ ਹਨ।”
ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਬੀਐਲਓਜ਼ ਪੇਸ਼ੇਵਰ, ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਨਾਲ ਜ਼ਮੀਨੀ ਪੱਧਰ ‘ਤੇ ਨਾਗਰਿਕਾਂ ਨਾਲ ਗੱਲਬਾਤ ਕਰਦੀਆਂ ਹਨ ਜਿਸ ਨਾਲ ਚੋਣ ਪ੍ਰਣਾਲੀ ਵਿੱਚ ਲੋਕਾਂ ਦਾ ਵਿਸ਼ਵਾਸ ਵਧਾਉਣ ਵਿੱਚ ਮਦਦ ਮਿਲੀ ਹੈ।
ਪੰਜਾਬ ਦੇ ਸੀਈਓ ਨੇ ਵੋਟਰ ਸੇਵਾਵਾਂ ਅਤੇ ਪਹੁੰਚ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਤਕਨਾਲੋਜੀ-ਅਧਾਰਤ ਪਹਿਲਕਦਮੀਆਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਵਿੱਚ “ਬੁੱਕ ਏ ਕਾਲ” ਸਹੂਲਤ ਸ਼ਾਮਲ ਹੈ, ਜਿਸ ਰਾਹੀਂ ਨਾਗਰਿਕ ਸਿੱਧੇ ਤੌਰ ‘ਤੇ ਚੋਣ ਸੇਵਾਵਾਂ ਸਬੰਧੀ ਸਹਾਇਤਾ ਲੈ ਸਕਦੇ ਹਨ। ਚੋਣਾਂ ਨਾਲ ਸਬੰਧਤ ਕਈ ਮੋਬਾਈਲ ਐਪਲੀਕੇਸ਼ਨਾਂ ਨੂੰ ਇੱਕ ਇੰਟਰਫੇਸ ਨਾਲ ਜੋੜਨ ਵਾਲੇ ਯੂਨੀਫਾਈਡ ਡਿਜੀਟਲ ਪਲੇਟਫਾਰਮ ਈਸੀਆਈਨੈੱਟ ਨਾਲ ਚੋਣ ਸੇਵਾਵਾਂ ਨਾਗਰਿਕਾਂ ਲਈ ਵਧੇਰੇ ਪਹੁੰਚਯੋਗ ਅਤੇ ਉਪਭੋਗਤਾ ਪੱਖੀ ਬਣ ਜਾਂਦੀਆਂ ਹਨ।
ਇਸ ਸਨਮਾਨ ਸਮਾਰੋਹ ਦੌਰਾਨ ਸੂਬੇ ਭਰ ਵਿੱਚ ਮਹਿਲਾ ਬੀਐਲਓਜ਼ ਦੇ ਸਮਰਪਣ ਅਤੇ ਪੇਸ਼ੇਵਰਤਾ ਨੂੰ ਸ਼ਰਧਾਂਜਲੀ ਦਿੰਦਿਆਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਮਜ਼ਬੂਤ ਅਤੇ ਜਵਾਬਦੇਹੀ ਵਾਲੀ ਚੋਣ ਪ੍ਰਣਾਲੀ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਮਾਨਤਾ ਦਿੱਤੀ ਗਈ।