ਡਿਪਟੀ ਕਮਿਸ਼ਨਰ, ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਇੱਕ ਅਜਿਹਾ ਬੋਰਡ ਹੈ ਜਿਸ ਵਿਚ ਉਸਾਰੀ ਨਾਲ ਸਬੰਧਤ ਕੰਮ ਕਰਨ ਵਾਲਾ ਕੋਈ ਵੀ ਕਿਰਤੀ ਜਿਵੇਂ ਮਜ਼ਦੂਰ, ਰਾਜ ਮਿਸਤਰੀ, ਤਰਖਾਣ, ਸਰੀਆ ਬੰਨ੍ਹਣ ਵਾਲੇ, ਇਲੈਕਟ੍ਰੀਸੀਅਨ, ਪਲੰਬਰ ਆਦਿ ਇਸ ਬੋਰਡ ਵਿੱਚ ਰਜਿਸਟਰ ਹੋ ਸਕਦੇ ਹਨ, ਜੇਕਰ ਉਨ੍ਹਾਂ ਵੱਲੋਂ ਪਿਛਲੇ ਇੱਕ ਸਾਲ ਵਿੱਚ 90 ਦਿਨਾਂ ਤੋਂ ਵੱਧ ਉਸਾਰੀ ਨਾਲ ਸਬੰਧਤ ਕੰਮ ਕੀਤਾ ਹੋਵੇ ਤਾਂ ਇਸ ਸਬੰਧ ਵਿੱਚ ਕਿਰਤੀਆ ਵੱਲੋਂ ਫਾਰਮ ਨੰਬਰ 27 ਸਬਮਿਟ ਕੀਤਾ ਜਾਣਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਪਹਿਲਾਂ ਕਿਸੇ ਵੀ ਕਿਰਤੀ ਨੂੰ ਰਜਿਸਟਰ ਕਰਵਾਉਣ ਲਈ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਸਾਰੇ ਦਸਤਾਵੇਜ਼ ਦੇ ਕੇ ਰਜਿਸਟਰ ਹੋਣਾ ਪੈਂਦਾ ਸੀ, ਪਰ ਹੁਣ ਕਿਰਤ ਵਿਭਾਗ ਵਲੋਂ ‘ਪੰਜਾਬ ਕਿਰਤੀ ਸਹਾਇਕ” ਐਪ ਤਿਆਰ ਕੀਤੀ ਗਈ ਹੈ ਜੋ ਕਿ google play ਤੇ ਉਪਲਬਧ ਹੈ। ਇਸ ਐਪ ਤੇ ਜਾ ਕੇ ਕਿਰਤੀਆਂ ਵਲੋਂ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਐਪ ਵਿੱਚ ਕਿਰਤੀ ਦੀ ਤਸਦੀਕ ਅਧਾਰ ਨਾਲ ਹੁੰਦੀ ਹੈ। ਕਿਰਤੀ ਦਾ ਸਾਰਾ ਡਾਟਾ ਅਧਾਰ ਡਾਟਾ ਵਿੱਚੋਂ ਭਰਿਆ ਜਾਂਦਾ ਹੈ। ਕਿਰਤੀ ਵਲੋਂ ਰਜਿਸਟ੍ਰੇਸ਼ਨ ਲਈ ਇੱਕ ਸਾਲ ਵਾਸਤੇ ਜਮ੍ਹਾਂ ਕਰਵਾਏ ਜਾਣ ਵਾਲੇ 145 ਰੁ: ਪਹਿਲਾਂ ਬੈਂਕ ਰਾਹੀ ਜਾਂ ਆਨਲਾਈਨ ਜਮ੍ਹਾਂ ਕਰਵਾਏ ਜਾ ਸਕਦੇ ਸਨ ਅਤੇ ਇਹ ਸੁਵਿਧਾ ਐਪ ਵਿੱਚ ਉਪਲਬਧ ਸੀ। ਪਰ ਇਸ ਨੂੰ ਹੋਰ ਸੁਖਾਲਾ ਕਰਨ ਲਈ BOCWW ਬੋਰਡ ਵੱਲੋਂ ਰੂਲਜ ਵਿੱਚ ਤਰਮੀਮ ਕੀਤੀ ਗਈ ਹੈ, ਜਿਸ ਨਾਲ ਕਿਰਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਿਵੇਂ ਕਿਰਤ ਇੰਸਪੈਕਟਰ, ਕਿਰਤ ਤੇ ਸਲਾਹ ਅਫ਼ਸਰ, ਸਹਾਇਕ ਕਿਰਤ ਕਮਿਸ਼ਨਰ, ਸਹਾਇਕ ਡਾਇਰੈਕਟਰ ਫੈਕਟਰੀਜ਼ ਜਾਂ ਡਿਪਟੀ ਡਾਇਰੈਕਟਰ ਫੈਕਟਰੀਜ਼ ਵੱਲੋਂ ਮੌਕੇ ਤੇ ਜਾ ਕੇ ਰਸੀਦਾਂ ਕੱਟੀਆਂ ਜਾ ਸਕਦੀਆਂ ਹਨ ਅਤੇ ਰਜਿਸਟ੍ਰੇਸ਼ਨ ਦਾ ਸਾਰਾ ਕੰਮ ਐਪ ਰਾਹੀਂ ਮੌਕੇ ਤੇ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਰਤੀ ਜੋ ਕਿ ਉਸਾਰੀ ਨਾਲ ਸਬੰਧਤ ਕੰਮ ਕਰਦੇ ਹਨ ਉਹ BOCWW ਬੋਰਡ ਨਾਲ ਰਜਿਸਟਰ ਹੋਣ ਅਤੇ BOCWW ਬੋਰਡ ਵਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।