ਪੰਜਾਬ ਵੱਲੋਂ ਲੋਕ ਨਿਰਮਾਣ ਵਿਭਾਗ ਦੀਆਂ ਜਾਇਦਾਦਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਤਿਆਰ- ਹਰਭਜਨ ਸਿੰਘ ਈ.ਟੀ.ਓ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੀਆਂ ਜਾਇਦਾਦਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਨਾਉਣ ਲਈ ਰਣਨੀਤੀ ਉਲੀਕੀ ਹੈ ਤਾਂ ਜੋ ਇੰਨ੍ਹਾਂ ਤੋਂ ਪ੍ਰਾਪਤ ਹੁੰਦੇ ਮਾਲੀਏ ਨੂੰ ਵਧਾਉਣ ਦੇ ਨਾਲ-ਨਾਲ ਸੈਲਾਨੀਆਂ ਦੀ ਸਹੂਲਤ ਲਈ ਸੈਰ-ਸਪਾਟਾ ਕੇਂਦਰਾਂ ਵਿਖੇ ਨਵੇਂ ਗੈਸਟ ਹਾਊਸਾਂ ਦੀ ਉਸਾਰੀ ਅਤੇ ਮੌਜੂਦਾ ਦੀ ਮੁਰੰਮਤ, ਪੇਂਡੂ ਖੇਤਰਾਂ ਵਿੱਚ ਹਰੇ ਮੈਦਾਨ ਵਿਕਸਤ ਕਰਨ, ਅਤੇ ਵਿਭਾਗ ਦੇ ਕਰਮਚਾਰੀਆਂ ਲਈ ਸਰਕਾਰੀ ਰਿਹਾਇਸ਼ਾਂ ਦੇ ਨਿਰਮਾਣ ਵਰਗੇ ਕਦਮ ਪੁੱਟੇ ਜਾ ਸਕਣ।

ਇੱਥੇ ਲੋਕ ਨਿਰਮਾਣ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀਆਂ ਦੇਹਰਾਦੂਨ, ਹਰਿਦੁਆਰ, ਵਰਿੰਦਾਵਨ, ਦਿੱਲੀ ਅਤੇ ਪੰਜਾਬ ਤੋਂ ਬਾਹਰ ਕਈ ਥਾਵਾਂ ‘ਤੇ ਜਾਇਦਾਦਾਂ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਦੂਜੇ ਰਾਜਾਂ ਵਿੱਚ ਵਿਭਾਗ ਦੀਆਂ ਜਾਇਦਾਦਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਅਤੇ ਰਿਪੋਰਟ ਕਰਨ ਲਈ ਵਿਭਾਗੀ ਕਮੇਟੀਆਂ ਬਣਾਈਆਂ ਜਾਣ।

ਸੂਬੇ ਅੰਦਰ ਸਥਿਤ ਵਿਭਾਗ ਦੀਆਂ ਜਾਇਦਾਦਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ, ਲੋਕ ਨਿਰਮਾਣ ਮੰਤਰੀ ਨੇ ਸਾਰੀਆਂ ਅਣਵਰਤੀਆਂ ਜਾਂ ਘੱਟ ਵਰਤੋਂ ਵਾਲੀਆਂ ਜਾਇਦਾਦਾਂ ਨੂੰ ਲੋਕ ਹਿੱਤ ਵਿੱਚ ਵਰਤਣ ਲਈ ਇੱਕ ਸੰਪੂਰਨ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅੰਮ੍ਰਿਤਸਰ, ਪਠਾਨਕੋਟ ਅਤੇ ਰੂਪਨਗਰ ਆਦਿ ਜ਼ਿਲ੍ਹਿਆਂ ਵਿੱਚ ਲੋਕ ਨਿਰਮਾਣ ਵਿਭਾਗ ਦੇ ਗੈਸਟ ਹਾਊਸਾਂ ਦੀ ਉਸਾਰੀ ਜਾਂ ਮੌਜੂਦਾ ਗੈਸਟ ਹਾਊਸਾਂ ਦੀ ਮੁਰੰਮਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਇਹ ਵੀ ਹਦਾਇਤਾਂ ਦਿੱਤੀਆਂ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਪੀ.ਡਬਲਯੂ.ਡੀ ਗੈਸਟ ਹਾਊਸ ਵਿੱਚ ਬਿਨਾਂ ਕਿਰਾਇਆ ਦਿੱਤਿਆਂ ਠਹਿਰ ਰਿਹਾ ਹੈ, ਤਾਂ ਸਬੰਧਤ ਵਿਭਾਗ ਤੋਂ ਕਿਰਾਇਆ ਵਸੂਲਿਆ ਜਾਵੇ।

ਹੋਰ ਖ਼ਬਰਾਂ :-  ਫੈਸਟੀਵਲ ਸੀਜ਼ਨ ਵਿੱਚ ਮਿਠਾਈਆਂ ਦੀ ਵਧੀਆ ਕੁਆਲਟੀ ਨੂੰ ਯਕੀਨੀ ਬਣਾਉਣ ਲਈ ਦੁੱਧ ਉਤਪਾਦਾਂ ‘ਤੇ ਪੰਜਾਬ ਸਰਕਾਰ ਵੱਲੋਂ ਨਿਗਰਾਨੀ ਵਧਾਈ ਗਈ: ਪੜੋ ਪੂਰੀ ਖਬਰ

ਲੋਕ ਨਿਰਮਾਣ ਮੰਤਰੀ ਨੇ ਅੱਗੇ ਕਿਹਾ ਕਿ ਵੱਖ-ਵੱਖ ਸ਼ਹਿਰਾਂ ਵਿੱਚ ਵਿਭਾਗ ਦੀਆਂ ਖਾਲੀ ਪਈਆਂ ਜ਼ਮੀਨਾਂ ਦੀ ਵਰਤੋਂ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਲੋੜ ਅਨੁਸਾਰ ਸਰਕਾਰੀ ਰਿਹਾਇਸ਼ਾਂ ਵਿਕਸਤ ਕਰਨ ਲਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਪੀ.ਡਬਲਯੂ.ਡੀ ਦੀਆਂ ਜ਼ਮੀਨਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਹਰੇ ਮੈਦਾਨ ਵਿਕਸਤ ਕਰਨ ਲਈ ਵਰਤਿਆ ਜਾ ਸਕਦਾ ਹੈ ਅਤੇ ਵਾਹੀਯੋਗ ਜ਼ਮੀਨਾਂ ਦੀ ਵਰਤੋਂ ਬਾਗਬਾਨੀ ਨਰਸਰੀਆਂ ਨੂੰ ਵਿਕਸਤ ਕਰਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਭਾਗ ਦੀਆਂ ਉਹ ਜ਼ਮੀਨਾਂ ਜਿੰਨ੍ਹਾਂ ‘ਤੇ ਖੇਤੀਬਾੜੀ ਹੋ ਰਹੀ ਹੈ, ਤੋਂ ਵਾਜਬ ਮਾਲੀਆ ਪ੍ਰਾਪਤ ਕਰਨ ਲਈ ਕਰਵਾਈ ਜਾਣ ਵਾਲੀ ਬੋਲੀ ਦੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣਾ ਵੀ ਯਕੀਨੀ ਬਣਾਇਆ ਜਾਵੇ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਇਸ ਮਿਸ਼ਨ ਵਿੱਚ ਅਹਿਮ ਯੋਗਦਾਨ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

Leave a Reply

Your email address will not be published. Required fields are marked *