ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਅੰਮ੍ਰਿਤਸਰ ਵਿਚ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਦੇ ਦੂਸਰੇ ਦਿਨ ਪਾਰਟੀਸ਼ੀਅਨ ਮਿਊਜ਼ੀਅਮ ਵਿਚ ਪੰਜਾਬੀ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਉਤੇ ਗੰਭੀਰ ਚਰਚਾ ਕੀਤੀ। ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਰਾਕੇਸ਼ ਪੋਪਲੀ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬੀ ਸਾਹਿਤ ਸਦੀਆਂ ਤੋਂ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰ ਰਿਹਾ ਹੈ, ਇਸ ਨੇ ਸਮੇਂ ਦੇ ਨਾਲ-ਨਾਲ ਬਹੁਤ ਬਦਲਾਅ ਵੀ ਵੇਖੇ ਹਨ ਅਤੇ ਅੱਜ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਸਾਨੂੰ ਪੰਜਾਬ ਸਾਹਿਤ ਦੀਆਂ ਜੜਾਂ ਨਾਲ ਜੁੜੇ ਮਹਾਨ ਵਿਅਕਤੀਆਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੇਖਕਾਂ, ਕਵੀਆਂ ਅਤੇ ਬੁੱਧੀਜੀਵੀਆਂ ਨਾਲ ਇਦ ਦੋ ਦਿਨ ਪੰਜਾਬ ਸਾਹਿਤ ਦੇ ਹਰ ਪਹਿਲੂ ਜਿਵੇਂ ਕਿ ਕਵਿਤਾ, ਕਹਾਣੀ, ਨਾਟਕ ਆਦਿ ਉਤੇ ਚਰਚਾ ਕੀਤੀ ਜਾਵੇ। ਉਨਾਂ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦੇ ਕਿਹਾ ਕਿ ਤੁਹਾਡੀ ਚਰਚਾ ਪੰਜਾਬ ਦੇ ਸ਼ਾਨਮੱਤੇ ਇਤਹਾਸ ਉਤੇ ਇਕ ਝਲਕ ਹੋਵੇਗੀ ਅਤੇ ਤੁਹਾਡੇ ਵਿਚਾਰਾਂ ਦਾ ਅਦਾਨ-ਪ੍ਰਦਾਨ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਬਾਰੇ ਬਹੁੱਤ ਕੁੱਝ ਸਿੱਖਣ ਨੂੰ ਮਿਲੇਗਾ। ਉਨਾਂ ਉਭਰਦੇ ਸਾਹਿਤਕਾਰਾਂ ਨੂੰ ਵੀ ਸੱਦਾ ਦਿੱਤਾ ਕਿ ਜੇਕਰ ਤੁਸੀਂ ਸਥਾਪਤ ਲੇਖਕਾਂ ਦੇ ਵਿਚਾਰ, ਅਵਾਜ਼ ਅਤੇ ਸਾਹਿਤ ਖਜ਼ਾਨੇ ਨੂੰ ਸੁਣਨਾ ਚਾਹੁੰਦੇ ਹੋ ਤਾਂ ਕੱਲ ਤੱਕ ਇਹ ਪ੍ਰੋਗਰਾਮ ਚੱਲਣਾ ਹੈ, ਤੁਸੀਂ ਇਸ ਵਿਚ ਸ਼ਾਮਿਲ ਹੋਵੇ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਇਹ ਸਾਹਿਤ ਮੇਲਾ ਰੱਖਣ ਦਾ ਸਾਡਾ ਮਤਲਬ ਹੀ ਇਹ ਹੈ ਕਿ ਅੰਮ੍ਰਿਤਸਰ ਇਤਹਾਸਕ ਅਤੇ ਸਭਿਆਚਾਰਕ ਤੌਰ ਉਤੇ ਅਮੀਰ ਸ਼ਹਿਰ ਹੈ । ਇਸ ਤੋਂ ਇਲਾਵਾ ਇਸ ਨੇ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਕੱਦਵਾਰ ਸ਼ਖਸ਼ੀਅਤਾਂ ਪੰਜਾਬੀ ਜਗਤ ਦੀ ਝੋਲੀ ਪਾਈਆਂ ਹਨ।
ਸਾਹਿਤ ਮੇਲੇ ਵਿਚ ਆਏ ਹੋਏ ਸਾਹਿਤਕਾਰਾਂ ਨੂੰ ਸ੍ਰੀ ਰਜਤ ਉਬਰਾਏ ਵਧੀਕ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੀ ਆਇਆਂ ਕਿਹਾ। ਅੱਜ ਸਾਹਿਤ ਮੇਲੇ ਦੇ ਪਹਿਲੇ ਦਿਨ ਸ੍ਰੀ ਜਗਜੀਤ ਸਿੰਘ ਜੌਹਲ, ਜਸਲੀਨ ਔਲਖ, ਰਜਿੰਦਰ ਸਿੰਘ, ਅੰਮ੍ਰਿਤਾ ਸ਼ਰਮਾ, ਜਤਿੰਦਰ ਬਰਾੜ, ਸ੍ਰੀ ਨਵਦੀਪ ਸੂਰੀ, ਕੇਸ਼ਵਰ ਦੇਸਾਈ, ਅਰਵਿੰਦਰ ਚਮਕ, ਜਸਮੀਤ ਕੌਰ ਨਈਅਰ ਨੇ ਵਿਚਾਰ-ਚਰਚਾ ਵਿਚ ਭਾਗ ਲਿਆ।