ਰੋਜ਼ੀ ਰੋਟੀ ਦੀ ਭਾਲ ’ਚ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਦੋਂ ਇਹੋ ਜਿਹੀ ਮੰਦਭਾਗੀ ਖ਼ਬਰ ਨਾ ਆਈ ਹੋਵੇ। ਕਦੇ ਕੈਨੇਡਾ ਤੋਂ, ਕਦੇ ਅਮਰੀਕਾ ਤੋਂ ਕਦੇ ਕਿਸੇ ਦੇਸ਼ ਤੋਂ, ਕਦੇ ਕਿਸੇ ਦੇਸ਼ ਤੋਂ ਅਜਿਹੀਆਂ ਘਟਨਾਵਾਂ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਤਾਜ਼ਾ ਮਾਮਲਾ ਇੱਕ ਵਾਰ ਫਿਰ ਅਮਰੀਕਾ ਤੋਂ ਹੈ, ਜਿੱਥੇ ਇੱਕ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਨਾਲ ਸੰਬੰਧਿਤ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਲਕੀਤ ਸਿੰਘ ਵਜੋਂ ਹੋਈ ਹੈ ਜੋ ਕਿ 2 ਬੱਚਿਆਂ ਦਾ ਪਿਤਾ ਸੀ।
ਮਿਲੀ ਜਾਣਕਾਰੀ ਮੁਤਾਬਕ ਮਲਕੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਘਰ-ਬਾਰ ਵੇਚ ਕੇ ਰੋਜੀ-ਰੋਟੀ ਕਮਾਉਣ ਅਤੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਗਿਆ ਸੀ, ਪਰ ਰੱਬ ਦਾ ਭਾਣਾ ਕੁੱਝ ਹੋਰ ਹੀ ਸੀ, ਜਿੱਥੇ ਇੱਕ ਸੜਕ ਹਾਦਸੇ ਨੇ ਉਸ ਦੀ ਜਾਨ ਲੈ ਲਈ। ਮਲਕੀਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਵੇਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖੋਹ ਲਈ ਗਈ ਹੋਵੇ। ਜਾਣਕਾਰੀ ਮੁਤਾਬਕ ਮਲਕੀਤ ਹੀ ਪੂਰੇ ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ। ਹੁਣ ਮਾਂ-ਬਾਪ ਵੱਲੋਂ ਐੱਨਆਰਆਈ ਭਰਾਵਾਂ ਅਤੇ ਐੱਨਜੀਓ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ ਅਤੇ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਜਾ ਸਕੇ।