ਦੁਨੀਆ ਭਰ ਵਿੱਚ ਪ੍ਰਸਿੱਧ, ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦੂਸਰੇ ਦਿਨ ਅੱਜ ਜਿੱਥੇ ਭਰਵਾਂ ਇਕੱਠ ਹੋਇਆ ਉੱਥੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਰੋਮਾਂਚਕਾਰੀ ਅਤੇ ਫਸਵੇਂ ਮੁਕਾਬਲੇ ਹੋਏ।
ਖੇਡਾਂ ਦੇ ਅਖੀਰਲੇ ਦਿਨ ਭਾਵ ਭਲਕੇ 14 ਫਰਵਰੀ ਨੂੰ ਉੱਘੇ ਪੰਜਾਬੀ ਗਾਇਕ ਅਮ੍ਰਿਤ ਮਾਨ ਦੇ ਖੁੱਲੇ ਅਖਾੜੇ ਨਾਲ ਖੇਡਾਂ ਸੰਪੰਨ ਹੋਣਗੀਆਂ।
ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਅੱਜ ਦੂਸਰੇ ਦਿਨ ਦੀਆਂ ਖੇਡਾਂ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਖੇਡਾਂ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਵਿਸ਼ੇਸ਼ ਪਹਿਲਕਦਮੀ ਕਰਦਿਆਂ ਖੇਡਾਂ ਦੇ ਉਜਵਲ ਭਵਿੱਖ ਦੀ ਨੀਂਹ ਰੱਖੀ ਗਈ ਸੀ ਅਤੇ ਹੁਣ ਉਸਦੇ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾ ਕਿਹਾ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਮੌਕੇ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਸੁਹਿਰਦ ਯਤਨਾਂ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਖੇਡਾਂ ਵਿੱਚ ਸੂਬੇ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜ਼ਾ ਖੇਡ ਸਮਾਗਮ ਦੌਰਾਨ ਖਿਡਾਰੀਆਂ ਦਰਮਿਆਨ 30 ਲੱਖ ਰੁਪਏ ਦੇ ਨਕਦ ਇਨਾਮ ਵੰਡੇ ਜਾਣਗੇ।
ਅਖੀਰਲੇ ਦਿਨ ਭਲਕੇ 14 ਫਰਵਰੀ ਨੂੰ, ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅਨਾਥ ਬੱਚਿਆਂ ਅਤੇ ਨੇੜਲੇ ਸਕੂਲੀ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ, ਜਿਨ੍ਹਾ ਨੂੰ ਮੁਫ਼ਤ ਵਿੱਚ ਝੂਲੇ ਅਤੇ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਗਈਆਂ। ਬੱਚਿਆਂ ਵੱਲੋਂ ਖੇਡ ਮੇਲੇ ਦਾ ਪੂਰਾ ਆਨੰਦ ਮਾਣਿਆ ਗਿਆ ਅਤੇ ਖਾਸ ਕਰਕੇ ਮੋਟਰ ਸਾਈਕਲ ਸ਼ੋਅ ਬੱਚਿਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਿਹਾ ਜਿਸ ਨੂੰ ਬੱਚਿਆਂ ਨੇ ਪੱਬਾਂ ਭਾਰ ਬੈਠ ਦੇਖਿਆ। ਉਨ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੀ ਪਹਿਲਕਦਮੀ ਦਾ ਦਿਲੋਂ ਧੰਨਵਾਦ ਵੀ ਕੀਤਾ।
ਅੱਜ ਦੇ ਖੇਡ ਮੁਕਾਬਲਿਆਂ ਵਿੱਚ ਦਿਵਿਆਂਗਜਨਾਂ ਦੀ ਟਰਾਈ ਸਾਇਕਲ ਦੌੜ, ਲੜਕੇ/ਲੜਕੀਆਂ 800 ਮੀਟਰ ਫਾਈਨਲ ਦੌੜ, ਲੜਕੇ/ਲੜਕੀਆਂ 200 ਮੀਟਰ ਫਾਈਨਲ ਦੌੜ, ਲੰਬੀ ਛਾਲ ਲੜਕੇ/ਲੜਕੀਆਂ ਫਾਈਨਲ, ਉੱਚੀ ਛਾਲ ਲੜਕੇ/ਲੜਕੀਆਂ ਫਾਈਨਲ, ਰੱਸਾ-ਕਸੀ ਤੋਂ ਇਲਾਵਾ ਹਾਕੀ, ਕੁਸ਼ਤੀ ਅਤੇ ਕਬੱਡੀ ਦੇ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲਾ ਰਾਏਪੁਰ ਦੀਆਂ ਖੇਡਾਂ ਰਾਹੀਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਹੋਰਾਂ ਨੂੰ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਟੀਮ ਪੰਜਾਬੀ ਵਿਰਸਾਂ ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰਕ ਇਤਿਹਾਸ ਬਾਰੇ ਪ੍ਰਦਰਸ਼ਨੀ ਲਗਾਈ ਗਈ ਅਤੇ ਕਲਾਕਾਰਾਂ ਵੱਲੋਂ ਭੰਗੜਾ ਅਤੇ ਝੂਮਰ ਆਦਿ ਰਾਹੀਂ ਨੌਜਵਾਨਾਂ ਦਾ ਭਰਪੂਰ ਮਨੋਰੰਜਣ ਕੀਤਾ। ਸੈਲਫ ਹੈਲਪ ਗਰੁੱਪਾਂ ਵੱਲੋਂ ਸਥਾਪਿਤ ਸਟਾਲ ਮੇਲੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਜਿੱਥੇ ਬੱਚਿਆਂ, ਨੌਜਵਾਨਾਂ ਅਤੇ ਬਜੁਰਗਾਂ ਨੂੰ ਵੰਨ-ਸੁਵੰਨੇ ਵਿਰਾਸਤੀ ਪਕਵਾਨ ਖਾਣ ਨੂੰ ਮਿਲੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਸਾਲ ਕਰਵਾਈਆਂ ਜਾ ਰਹੀਆਂ ਪੇਂਡੂ ਓਲੰਪਿਕ ਖੇਡਾਂ ਪ੍ਰਤੀ ਕਿਲਾ ਰਾਏਪਰੁ ਅਤੇ ਨੇੜੇਲੇ ਪਿੰਡਾਂ ਦੇ ਵਸਨੀਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਪੰਜਾਬ ਸਰਕਾਰ ਦਾ ਸਮੂਹਿਕ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਇਸ ਵਾਰ ਇਨ੍ਹਾਂ ਇਤਿਹਾਸਕ ਖੇਡਾਂ ਦਾ ਆਯੋਜਨ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਹੋਰ ਹੁਲਾਰਾ ਦੇਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਅਨਮੋਲ ਸਿੰਘ ਧਾਲੀਵਾਲ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।