ਤਲਾਸ਼ੀ ਅਭਿਆਨ- ਚੌਥਾ ਦਿਨ: ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਨਸ਼ਿਆਂ ਦੇ 10 ਪ੍ਰਮੁੱਖ ਹੌਟਸਪੌਟਸ ’ਤੇ ਛਾਪੇਮਾਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਸਪਲਾਈ ਨੂੰ ‘ਪੁਆਇੰਟ ਆਫ ਸੇਲ’ (ਮੌਕਾ-ਏ-ਫ਼ਰੋਖ਼ਤ) ’ਤੇ ਹੀ  ਰੋਕਣ ਲਈ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਨਸ਼ਿਆਂ ਵਿਰੁੱਧ ਆਪਣੀ ਸ਼ਿਕੰਜਾਕਸੀ ਜਾਰੀ ਰੱਖੀ ਅਤੇ ਰਾਜ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਨਸ਼ਿਆਂ ਦੇ 10-10 ਹੌਟਸਪਾਟਸ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ।

ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸੂਬੇ ਭਰ ਵਿੱਚ ਇੱਕੋ ਸਮੇਂ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚਲਾਇਆ ਗਿਆ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਇਸ ਰਾਜ ਪੱਧਰੀ ਕਾਰਵਾਈ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਬਾਰੀਕੀ ਨਾਲ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਤਿਆਰ ਕੀਤੀ ਗਈ ਡਰੱਗ ਹੌਟਸਪੌਟਸ ਸੂਚੀ ਸੂਬੇ ਦੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸੌਂਪੀ ਗਈ ਸੀ।

ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਸੀ ਕਿ ਉਹ ਨਿੱਜੀ ਤੌਰ ’ਤੇ ਇਸ ਵੱਡੇ ਆਪ੍ਰੇਸ਼ਨ ਦੀ ਨਿਗਰਾਨੀ ਕਰਨ ਅਤੇ 10 ਪ੍ਰਮੁੱਖ ਡਰੱਗ ਹੌਟਸਪੌਟਸ ਦੀ ਸ਼ਨਾਖਤ ਕਰਕੇ- ਆਪਣੇ ਸਬੰਧਤ ਜ਼ਿਲਿ੍ਹਆਂ ਵਿੱਚ ਨਸ਼ਾ ਵਿਕਰੀ ਵਾਲੀਆਂ ਥਾਵਾਂ ਜਾਂ ਅਜਿਹੇ ਕੁਝ ਖੇਤਰ, ਜੋ ਨਸ਼ਾ ਤਸਕਰਾਂ ਲਈ  ਪਨਾਹਗਾਹ/ਸੁਰੱਖਿਅਤ ਟਿਕਾਣੇ ਬਣ ਗਏ ਹਨ, ਦਾ ਪਤਾ ਲਗਾ ਕੇ ਆਪ੍ਰੇਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਲਈ ਵਿਉਂਤਬੰਦੀ ਕਰਨ ਤਾਂ ਜੋ ਨਸ਼ਾ ਤਸਕਰਾਂ ’ਤੇ ਨਕੇਲ ਕਸੀ ਜਾ ਸਕੇ।

ਹੋਰ ਖ਼ਬਰਾਂ :-  ਬਿਰਧ ਘਰਾਂ ਨੂੰ ਚਲਾਉਣ ਲਈ ਸੰਸਥਾ ਨੂੰ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜਨ ਹੋਮਸ ਫੋਰ ਐਲਡਰਲੀ ਪ੍ਰਸਨਸ ਸਕੀਮ 2019 ਅਧੀਨ ਰਜਿਸਟਰੇਸ਼ਨ ਕਰਾਉਣੀ ਲਾਜ਼ਮੀ - ਡਿਪਟੀ ਕਮਿਸ਼ਨਰ

ਉਨ੍ਹਾਂ ਕਿਹਾ ਕਿ ਐਸ.ਪੀ. ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੂੰ ਅਜਿਹੇ ਸ਼ੱਕੀ ਇਲਾਕਿਆਂ ਦੀ ਘੇਰਾਬੰਦੀ ਕਰਨ ਅਤੇ ਤਲਾਸ਼ੀ ਲੈਣ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਜਾਮਾਂ ਤਲਾਸ਼ੀ ਲਈ  ਅਤੇ ਪੁਲਿਸ ਫੋਰਸ ਵੱਲੋਂ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਘਰਾਂ ਦੀ ਵੀ ਪੂਰੀ ਤਲਾਸ਼ੀ ਲਈ ਗਈ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 2500 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 250 ਤੋਂ ਵੱਧ ਪੁਲਿਸ ਟੀਮਾਂ ਨੇ 280 ਡਰੱਗ ਹੌਟਸਪੌਟਸ ਦੀ  ਘੇਰਾਬੰਦੀ ਕਰਕੇ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਨੇ 31 ਐਫਆਈਆਰ ਦਰਜ ਕੀਤੀਆਂ ਅਤੇ 43 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਜ਼ਿਕਰਯੋਗ ਹੈ ਕਿ ਵੱਡੇ ਪੱਧਰ ’ਤੇ ਅਜਿਹੇ ਆਪ੍ਰੇਸ਼ਨ ਨਾ ਸਿਰਫ਼ ਸਮਾਜ ਵਿਰੋਧੀ ਅਨਸਰਾਂ ਵਿੱਚ ਖ਼ੌਫ਼ ਪੈਦਾ ਕਰਨ ਵਿੱਚ ਮਦਦ ਕਰਦੇ ਹਨ, ਸਗੋਂ ਲੋਕਾਂ ਦਾ ਭਰੋਸਾ ਜਿੱਤਣ ਅਤੇ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਵੀ ਵਧਾਉਂਦੇ ਹਨ।

Leave a Reply

Your email address will not be published. Required fields are marked *