ਰਾਜਸਥਾਨ ਵਿਧਾਨ ਸਭਾ ਚੋਣਾਂ: ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਪੰਜਾਬ-ਰਾਜਸਥਾਨ ਸਰਹੱਦ ‘ਤੇ ਲਗਾਏ ਵਿਸ਼ੇਸ਼ ਨਾਕੇ

ਗੁਆਂਢੀ ਸੂਬੇ ਰਾਜਸਥਾਨ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਵਧਾਉਣ ਲਈ ਪੰਜਾਬ-ਰਾਜਸਥਾਨ ਸਰਹੱਦ ‘ਤੇ 5 ਹਾਈ-ਟੈਕ ਨਾਕਿਆਂ ਸਮੇਤ 30 ਵਿਸ਼ੇਸ਼ ਅੰਤਰ-ਰਾਜੀ ਨਾਕੇ ਲਗਾਏ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਲਾਅ ਐਂਡ ਆਰਡਰ-ਕਮ-ਰਾਜਸਥਾਨ ਚੋਣਾਂ ਲਈ ਪੰਜਾਬ ਪੁਲਿਸ ਦੇ ਨੋਡਲ ਅਧਿਕਾਰੀ ਪ੍ਰਦੀਪ ਕੁਮਾਰ ਯਾਦਵ ਨੇ ਦਿੱਤੀ। 

ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਪੰਜਾਬ ਅਤੇ ਰਾਜਸਥਾਨ ਪੁਲਿਸ ਅਧਿਕਾਰੀਆਂ ਦੀ ਅੰਤਰ-ਰਾਜੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਈਜੀਪੀ ਪ੍ਰਦੀਪ ਕੁਮਾਰ ਯਾਦਵ ਨੇ ਰਾਜਸਥਾਨ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਮੁੱਦਿਆਂ ਦੇ ਨਾਲ-ਨਾਲ ਭਗੌੜੇ ਅਪਰਾਧੀਆਂ (ਪੀ.ਓ.), ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ, ਗੈਰ-ਕਾਨੂੰਨੀ ਸ਼ਰਾਬ ਤੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਮਜ਼ਬੂਤ ਤਾਲਮੇਲ ਵਿਧੀ ਸਥਾਪਤ ਕਰਨ ਬਾਰੇ ਚਰਚਾ ਕੀਤੀ। 

ਆਈਜੀਪੀ ਨੇ ਕਿਹਾ ਕਿ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਪੰਜਾਬ ਪੁਲਿਸ ਵੱਲੋਂ ਸ਼ੱਕੀ ਰਸਤਿਆਂ ‘ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਗੋਦਾਮਾਂ ਅਤੇ ਸ਼ੱਕੀ ਟਰਾਂਸਪੋਰਟ ਕੰਪਨੀਆਂ ਦੇ ਦਫ਼ਤਰਾਂ ਦੀ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੀਟਿੰਗ ਦੌਰਾਨ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਬਾਰੇ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।

ਹੋਰ ਖ਼ਬਰਾਂ :-  ਪੰਜਾਬ ਪੁਲਿਸ ਨੇ ਅਮਰੀਕਾ ਅਧਾਰਿਤ ਜਸਮੀਤ ਲੱਕੀ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਪਿਛਲੇ 7 ਦਿਨਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਦੇ 42 ਤੋਂ ਵੱਧ ਪੀ.ਓਜ਼ ਨੂੰ ਕਾਬੂ ਕੀਤਾ ਗਿਆ ਹੈ।

ਆਈਜੀਪੀ ਯਾਦਵ ਅਤੇ ਆਈਜੀਪੀ ਬੀਕਾਨੇਰ ਰੇਂਜ ਓਮ ਪ੍ਰਕਾਸ਼ ਨੇ ਡਿਪਟੀ ਆਬਕਾਰੀ ਕਮਿਸ਼ਨਰ, ਫਿਰੋਜ਼ਪੁਰ ਦੇ ਨਾਲ ਅੰਤਰ-ਰਾਜੀ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਇਨ੍ਹਾਂ ਨਾਕਿਆਂ ‘ਤੇ ਤਾਇਨਾਤ ਪੁਲਿਸ ਤੇ ਆਬਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਆਈਜੀਪੀ ਫਿਰੋਜ਼ਪੁਰ ਰੇਂਜ ਗੁਰਸ਼ਰਨ ਸਿੰਘ ਸੰਧੂ, ਡੀਆਈਜੀ ਅਬੋਹਰ ਸੈਕਟਰ ਬੀਐਸਐਫ ਵਿਜੈ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਹਨੂੰਮਾਨਗੜ੍ਹ, ਸ੍ਰੀ ਗੰਗਾਨਗਰ, ਅਨੂਪਗੜ੍ਹ ਦੇ ਐਸਐਸਪੀਜ਼, ਏ.ਆਈ.ਜੀ ਆਬਕਾਰੀ ਤੇ ਕਰ ਗੁਰਜੋਤ ਸਿੰਘ ਕਲੇਰ, ਜੁਆਇੰਟ ਕਮਿਸ਼ਨਰ ਪੰਜਾਬ ਆਬਕਾਰੀ ਰਾਜਪਾਲ ਖੇੜਾ ਅਤੇ ਰਾਜਸਥਾਨ ਚੋਣਾਂ ਲਈ ਪੰਜਾਬ ਆਬਕਾਰੀ ਵਿਭਾਗ ਦੇ ਨੋਡਲ ਅਫ਼ਸਰ, ਬਠਿੰਡਾ ਰੇਂਜ, ਸੰਗਰੂਰ, ਫਰੀਦਕੋਟ, ਫਾਜ਼ਿਲਕਾ ਦੇ ਏ.ਈ.ਟੀ.ਸੀਜ਼ ਮੌਜੂਦ ਸਨ।

Leave a Reply

Your email address will not be published. Required fields are marked *