ਕੈਨੇਡਾ ਵਿੱਚ ਜਸਟਿਨ ਟਰੂਡੋ (Justin Trudeau) ਦੀ ਸਰਕਾਰ ਵੱਲੋਂ ਪ੍ਰਵਾਸੀਆਂ ਲਈ ਸਖ਼ਤੀ ਦਿਖਾਈ ਜਾ ਰਹੀ ਹੈ,ਦੇਸ਼ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ। ਕਰੀਬ 7 ਲੱਖ ਵਿਦੇਸ਼ੀ ਵਿਦਿਆਰਥੀਆਂ ਉੱਪਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕੈਨੇਡਾ ਵਿੱਚ 2025 ਦੇ ਅੰਤ ਤੱਕ ਲਗਭਗ 5 ਮਿਲੀਅਨ ਅਸਥਾਈ ਪਰਮਿਟਾਂ ਦੀ ਮਿਆਦ ਖਤਮ ਹੋਣ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ (Canadian Immigration Officials) ਨੂੰ ਉਮੀਦ ਹੈ ਕਿ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਜ਼ਿਆਦਾਤਰ ਪ੍ਰਵਾਸੀ ਵਿਦਿਆਰਥੀ (Immigrant Student) ਕੈਨੇਡਾ ਛੱਡ ਜਾਣਗੇl
ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ (Canadian Immigration Minister Mark Miller) ਨੇ ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਇਹ ਜਾਣਕਾਰੀ ਦਿੱਤੀ ਹੈ।ਇਨ੍ਹਾਂ 50 ਲੱਖ ਪਰਮਿਟਾਂ ਵਿੱਚੋਂ 7 ਲੱਖ ਪਰਮਿਟ ਵਿਦੇਸ਼ੀ ਵਿਦਿਆਰਥੀਆਂ ਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਹਾਲ ਹੀ ਵਿੱਚ ਟਰੂਡੋ ਸਰਕਾਰ ਦੀਆਂ ਪਰਵਾਸੀ ਵਿਰੋਧੀ ਨੀਤੀਆਂ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ (Canada Government) ਨੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਸਾਲ 2024 ਵਿੱਚ ਵਿਦਿਆਰਥੀ ਪਰਮਿਟਾਂ ਵਿੱਚ 35 ਫੀਸਦੀ ਦੀ ਕਟੌਤੀ ਕੀਤੀ ਗਈ ਹੈ,ਫਿਰ 2025 ਵਿੱਚ 10 ਫੀਸਦੀ ਦੀ ਹੋਰ ਕਟੌਤੀ ਦਾ ਟੀਚਾ ਰੱਖਿਆ ਗਿਆ ਹੈ। ਇਨ੍ਹਾਂ ਨੀਤੀਗਤ ਤਬਦੀਲੀਆਂ ਦਾ ਉਦੇਸ਼ ਵਿਦਿਆਰਥੀ ਰਿਸੈਪਸ਼ਨ ਅਤੇ ਘਰੇਲੂ ਰਿਹਾਇਸ਼ ਦੀਆਂ ਚੁਣੌਤੀਆਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਹੈ।