ਕੈਨੇਡਾ ਦੇ ਸੂਬੇ ਨਿਊ ਬਰੰਸਵਿਕ (New Brunswick) ਦੇ ਸ਼ਹਿਰ ਮੌਂਕਟਨ (City Moncton) ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ ਇੱਕ ਘੰਟੇ ਦੀ ਦੂਰੀ ‘ਤੇ ਮੌਜੂਦ ਸ਼ਹਿਰ ਮਿਲ ਕੋਵ (City Mill Cove) ਕੋਲ ਸ਼ਨੀਵਾਰ ਰਾਤ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮਰਨ ਵਾਲਿਆਂ ‘ਚ ਮਲੌਦ ਨੇੜਲੇ ਪਿੰਡ ਬੁਰਕਾਰਾ ਨਾਲ ਸਬੰਧਤ ਭੈਣ-ਭਰਾ, ਉਮਰ 19 ਤੇ 23 ਸਾਲ (ਤਾਏ-ਚਾਚੇ ਦੀ ਔਲਾਦ) ਅਤੇ ਸਮਾਣੇ ਦੀ ਇੱਕ ਲੜਕੀ, ਉਮਰ 23 ਸਾਲ ਸ਼ਾਮਲ ਹਨ।
ਹਾਈਵੇਅ (Highway) ‘ਤੇ ਟਾਇਰ ਫਟ ਜਾਣ ਨਾਲ ਗੱਡੀ ਬੇਕਾਬੂ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਕੋਈ ਹੋਰ ਗੱਡੀ ਸ਼ਾਮਲ ਨਹੀਂ ਹੈ। ਹਾਦਸਾਗ੍ਰਸਤ ਗੱਡੀ ਦਾ ਡਰਾਇਵਰ ਜ਼ਖਮੀ ਹੈ, ਪਰ ਜਾਨ ਬਚ ਗਈ ਹੈ।
ਪੁਲਿਸ ਮੁਤਾਬਕ ਹਾਦਸੇ ਮੌਕੇ ਤਿੰਨੇਂ ਮੁਸਾਫ਼ਰ ਗੱਡੀ ਵਿੱਚੋਂ ਬਾਹਰ ਨਿਕਲ ਕੇ ਡਿਗ ਪਏ ਸਨ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲ ਹੀ ਵਿੱਚ ਕੈਨੇਡਾ ਅੰਦਰ ਘੱਟੋ-ਘੱਟ ਅਜਿਹੇ ਤਿੰਨ ਹਾਦਸੇ ਉਪਰੋਥਲੀ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਚਾਲਕ ਬਚ ਗਿਆ ਪਰ ਮੁਸਾਫ਼ਰ ਹਾਦਸੇ ਮੌਕੇ ਗੱਡੀ ‘ਚੋਂ ਬਾਹਰ ਨਿਕਲ ਕੇ ਡਿਗ ਪੈਣ ਕਾਰਨ ਮਾਰੇ ਗਏ ਤੇ ਮਰਨ ਵਾਲੇ ਪੰਜਾਬ ਤੋਂ ਨਵੇਂ ਆਏ ਨੌਜਵਾਨ ਲੜਕੇ-ਲੜਕੀਆਂ ਸਨ।